ਨਵੀਂ ਦਿੱਲੀ, 16 ਮਾਰਚ (ਪੀ. ਟੀ. ਆਈ.)-ਦਿੱਲੀ ਵਿਚ 1984 ਦੇ ਸਿੱਖ ਵਿਰੋਧੀ ਦੰਗਿਆਂ ਬਾਰੇ ਪਹਿਲਾਂ ਕੀਤੀਆਂ ਟਿੱਪਣੀਆਂ ਨਾਲ ਹੋਏ ਨੁਕਸਾਨ ਦੀ ਭਰਪਾਈ ਦਾ ਯਤਨ ਕਰਦਿਆਂ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜਿਨ੍ਹਾਂ ਦੰਗਿਆਂ ਲਈ ਮੁਆਫ਼ੀ ਮੰਗੀ ਸੀ ਅਤੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਜਿਨ੍ਹਾਂ ਅਫਸੋਸ ਜ਼ਾਹਿਰ ਕੀਤਾ ਸੀ ਦੀਆਂ ਭਾਵਨਾਵਾਂ ਨਾਲ ਪੂਰੀ ਤਰ੍ਹਾਂ ਸਹਿਮਤ ਹਨ | ਪੀ. ਟੀ. ਆਈ. ਖ਼ਬਰ ਏਜੰਸੀ ਨਾਲ ਇਕ ਮੁਲਾਕਾਤ ਵਿਚ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕਾਂਗਰਸ ਦੇ ਉਪ ਪ੍ਰਧਾਨ ਵਜੋਂ ਉਨ੍ਹਾਂ ਨੇ ਆਪਣੀ ਦਾਦੀ ਅਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ 1984 ਵਿਚ ਹੱਤਿਆ ਪਿੱਛੋਂ ਹੋਏ ਸਿੱਖ ਵਿਰੋਧੀ ਦੰਗਿਆਂ ਲਈ ਕੁਝ ਹਫਤੇ ਪਹਿਲਾਂ ਟੈਲੀਵੀਜ਼ਨ 'ਤੇ ਮੁਲਾਕਾਤ ਦੌਰਾਨ ਮੁਆਫੀ ਮੰਗਣ ਤੋਂ ਝਿਜਕ ਕਿਉਂ ਦਿਖਾਈ ਸੀ | ਰਾਹੁਲ ਗਾਂਧੀ ਨੇ ਜਵਾਬ ਦਿੱਤਾ ਕਿ ਯੂ. ਪੀ. ਏ. ਦੇ ਪ੍ਰਧਾਨ ਮੰਤਰੀ ਮੁਆਫੀ ਮੰਗ ਚੁੱਕੇ ਹਨ ਅਤੇ ਕਾਂਗਰਸ ਪ੍ਰਧਾਨ ਨੇ ਅਫਸੋਸ ਜ਼ਾਹਿਰ ਕੀਤਾ ਹੈ | ਉਹ ਪੂਰੀ ਤਰ੍ਹਾਂ ਉਨ੍ਹਾਂ ਦੀਆਂ ਭਾਵਨਾਵਾਂ ਨਾਲ ਸਹਿਮਤ ਹਨ | ਟੈਲੀਵੀਜ਼ਨ 'ਤੇ ਮੁਲਾਕਾਤ ਦੌਰਾਨ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਸੀ ਕਿ ਉਨ੍ਹਾਂ ਨੇ ਦੰਗਿਆਂ ਲਈ ਮੁਆਫੀ ਕਿਉਂ ਨਹੀਂ ਮੰਗੀ ਤਾਂ ਉਨ ੍ਹਾਂ ਨੇ ਆਪਣੇ ਆਪ ਨੂੰ ਇਹ ਕਹਿ ਕੇ ਆਪਣੇ ਤੱਕ ਸੀਮਤ ਕਰ ਲਿਆ ਕਿ 1984 ਦੇ ਦੰਗਿਆਂ ਵਿਚ ਨਿਰਦੋਸ਼ ਲੋਕ ਮਾਰੇ ਗਏ ਸਨ ਅਤੇ ਨਿਰਦੋਸ਼ ਲੋਕਾਂ ਦਾ ਮਰਨਾ ਇਕ ਭਿਆਨਕ ਗੱਲ ਹੈ ਅਤੇ ਅਜਿਹਾ ਨਹੀਂ ਹੋਣਾ ਚਾਹੀਦਾ | ਉਨ ੍ਹਾਂ ਵਲੋਂ ਉਸ ਸਮੇਂ ਦੰਗਿਆਂ ਲਈ ਮੁਆਫੀ ਨਾ ਮੰਗਣ ਕਾਰਨ ਵਿਵਾਦ ਛਿੜ ਗਿਆ ਅਤੇ ਭਾਜਪਾ ਅਤੇ ਅਕਾਲੀ ਦਲ ਅਤੇ ਟਿੱਪਣੀਕਾਰਾਂ ਨੇ ਉਨ੍ਹਾਂ 'ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ |
ਕਾਂਗਰਸ ਦੀ ਹਾਲਤ ਪਤਲੀ ਨਹੀਂ
ਹਾਰ ਨਾ ਮੰਨਦਿਆਂ ਰਾਹੁਲ ਗਾਂਧੀ ਨੇ ਅੱਜ ਇਸ ਵਿਚਾਰ ਨੂੰ ਰੱਦ ਕਰ ਦਿੱਤਾ ਕਿ ਕਾਂਗਰਸ ਪਾਰਟੀ ਲਤਾੜੀ ਹੋਈ ਹੈ ਜਾਂ ਇਸ ਨੂੰ ਲੋਕ ਸਭਾ ਚੋਣਾਂ ਵਿਚ ਬਹੁਤ ਹੀ ਔਖੀ ਸਥਿਤੀ ਦਾ ਸਾਹਮਣਾ ਕਰਨਾ ਪਵੇਗਾ ਅਤੇ ਜ਼ੋਰ ਦੇ ਕੇ ਕਿਹਾ ਕਿ ਕਾਂਗਰਸ ਦੀ ਅਗਵਾਈ 'ਚ ਯੂ. ਪੀ. ਏ. ਦੀ ਤੀਸਰੀ ਸਰਕਾਰ ਹੀ ਸੱਤਾ ਵਿਚ ਆਵੇਗੀ | ਇਹ ਗੱਲ ਸਵੀਕਾਰ ਕਰਦਿਆਂ ਕਿ 10 ਸਾਲ ਸੱਤਾ ਵਿਚ ਰਹਿਣ ਪਿੱਛੋਂ ਸਾਡੇ ਵਿਰੁੱਧ ਕੁਝ ਨਾ ਕੁਝ ਹਵਾ ਹੈ ਪਰ ਉਹ ਪਾਰਟੀ ਦੇ ਸੀਨੀਅਰ ਆਗੂ ਅਤੇ ਵਿੱਤ ਮੰਤਰੀ ਪੀ. ਚਿਦੰਬਰਮ ਦੇ ਇਸ ਵਿਚਾਰ ਨਾਲ ਸਹਿਮਤ ਨਹੀਂ ਕਿ ਪਾਰਟੀ ਦੀ ਹਾਲਤ ਪਤਲੀ ਹੈ ਅਤੇ ਇਸ ਨੂੰ ਸਖਤ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ | ਉਨ੍ਹਾਂ ਕਿਹਾ ਕਿ ਕਾਂਗਰਸ ਚੁਣੌਤੀ ਵਾਲੀਆਂ ਚੋਣਾਂ ਦੀ ਲੜਾਈ ਲੜ ਰਹੀ ਹੈ ਅਤੇ ਅਸੀਂ ਚੋਣਾਂ ਜਿੱਤਾਂਗੇ ਪਰ ਉਨ੍ਹਾਂ ਅਨੁਮਾਨ ਲਾਉਣ ਤੋਂ ਇਨਕਾਰ ਕਰ ਦਿੱਤਾ ਕਿ ਪਾਰਟੀ ਕਿੰਨੀਆਂ ਸੀਟਾਂ ਪ੍ਰਾਪਤ ਕਰੇਗੀ | ਉਨ੍ਹਾਂ ਕਿਹਾ ਕਿ ਮੈਂ ਜੋਤਸ਼ੀ ਤਾਂ ਨਹੀਂ ਪਰ ਅਸੀਂ ਵਧੀਆ ਕਾਰਗੁਜ਼ਾਰੀ ਦਿਖਾਵਾਂਗੇ | ਚੋਣ ਸਰਵੇਖਣਾਂ ਨੂੰ ਇਕ ਮਜ਼ਾਕ ਦੱਸਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਪਾਰਟੀ 2009 ਦੀਆਂ ਚੋਣਾਂ ਤੋਂ ਬਿਹਤਰ ਕਾਰਗੁਜ਼ਾਰੀ ਦਿਖਾਵੇਗੀ, ਜਦੋਂ ਇਸ ਨੇ 206 ਸੀਟਾਂ ਜਿੱਤੀਆਂ ਸਨ | ਉਨ੍ਹਾਂ ਚੇਤੇ ਕਰਵਾਇਆ ਕਿ 2004 ਅਤੇ 2009 ਦੀਆਂ ਚੋਣਾਂ ਤੋਂ ਪਹਿਲਾਂ ਵੀ ਇਹ ਭਵਿੱਖਬਾਣੀਆਂ ਕੀਤੀਆਂ ਗਈਆਂ ਸਨ ਕਿ ਕਾਂਗਰਸ ਦੀ ਬੁਰੀ ਤਰ੍ਹਾਂ ਹਾਰ ਹੋਵੇਗੀ ਪਰ ਹੋਇਆ ਇਸ ਦੇ ਉਲਟ | ਇਸ ਧਾਰਨਾ ਕਿ ਕਾਂਗਰਸ ਦੇ ਭਾਈਵਾਲਾਂ ਦੀ ਗਿਣਤੀ ਘੱਟ ਰਹੀ ਹੈ, ਨੂੰ ਖਾਰਜ ਕਰਦਿਆਂ ਪਾਰਟੀ ਦੇ ਉਪ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਐਨ. ਸੀ. ਪੀ., ਰਾਸ਼ਟਰੀ ਜਨਤਾ ਦਲ, ਝਾਰਖੰਡ ਮੁਕਤੀ ਮੋਰਚਾ, ਰਾਸ਼ਟਰੀ ਲੋਕ ਦਲ ਅਤੇ ਨੈਸ਼ਨਲ ਕਾਨਫਰੰਸ ਨਾਲ ਗਠਜੋੜ ਹੈ, ਸਿਰਫ ਡੀ. ਐਮ. ਕੇ. ਅਤੇ ਤਿ੍ਣਮੂਲ ਕਾਂਗਰਸ ਨਾਲੋਂ ਨਾਤਾ ਟੁੱਟਿਆ ਹੈ |
No comments:
Post a Comment