Friday, 14 March 2014

ਜਹਾਜ਼ ਹਾਦਸੇ ਜਿਹੜੇ ਰਹਿ ਗਏ ਰਹੱਸ ਬਣ ਕੇ

ਨਵੀਂ ਦਿੱਲੀ/ਬੀਜਿੰਗ—ਕੁਆਲਾਲੰਪੁਰ ਤੋਂ ਉਡਾਣ ਭਰਨ ਵਾਲੇ ਅਚਾਨਕ ਲਾਪਤਾ ਹੋਏ ਜਹਾਜ਼ ਐੱਮ. ਐੱਚ. 370 ਦਾ ਅਜੇ ਤੱਕ ਪਤਾ ਨਹੀਂ ਲਗ ਸਕਿਆ ਹੈ ਪਰ ਜਹਾਜ਼ 'ਚ ਸਵਾਰ ਲੋਕਾਂ ਦੀ ਉਮੀਦਾਂ ਅਜੇ ਵੀ ਕਾਇਮ ਹਨ। ਇਹ ਪਹਿਲਾ ਹਾਦਸਾ ਨਹੀਂ ਹੈ, ਜਦੋਂ ਇਸ ਤਰ੍ਹਾਂ ਕੋਈ ਜਹਾਜ਼ ਬਿਨਾਂ ਸੰਕੇਤ ਦਿੱਤੇ ਅਚਾਨਕ ਰਡਾਰ ਤੋਂ ਗਾਇਬ ਹੋ ਗਿਆ। ਇਸ ਤੋਂ ਪਹਿਲਾਂ ਵੀ ਕਈ ਲੋਕ ਅਜਿਹੇ ਜਹਾਜ਼ ਸਫਰਾਂ 'ਤੇ ਗਏ ਜਿੱਥੋਂ ਉਨ੍ਹਾਂ ਦੀ ਵਾਪਸੀ ਨਹੀਂ ਹੋ ਸਕੀ। ਹੌਲੀ-ਹੌਲੀ ਉਨ੍ਹਾਂ ਦੇ ਪਰਿਵਾਰ ਵਾਲਿਆਂ ਦੀ ਉਮੀਦਾਂ ਵੀ ਖਤਮ ਹੋ ਗਈਆਂ। ਪੇਸ਼ ਅਜਿਹੇ ਜਹਾਜ਼ ਸਫਰਾਂ ਦੀ ਇਕ ਰਿਪੋਰਟ ਜਿਨ੍ਹਾਂ 'ਤੇ ਗਏ ਲੋਕਾਂ ਦੀ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ—

ਏਅਰ ਫਲਾਈਟ 447
2009 ਵਿਚ ਰਿਓ ਡੀ ਜੇਨੇਰੀਓ ਤੋਂ ਪੈਰਿਸ ਜਾ ਰਹੀ ਇਕ ਏਅਰਬਸ ਏ 330 ਅਟਲਾਂਟਿਕ ਮਹਾਸਾਗਰ ਵਿਚ ਗਾਇਬ ਹੋ ਗਈ ਸੀ। ਇਸ ਹਾਦਸੇ ਵਿਚ ਸਾਰੇ 228 ਮੁਸਾਫਰਾਂ ਅਤੇ ਚਾਲਕ ਦਲ ਦੇ ਮੈਂਬਰਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਅਤੇ ਮਲਬੇ ਦੀ ਖੋਜ ਅਤੇ ਬਚਾਅ ਦਲ ਨੂੰ ਪਹੁੰਚਣ ਵਿਚ 5 ਦਿਨ ਲੱਗ ਗਏ ਸਨ। ਹਾਦਸੇ ਦੇ ਕਾਰਨਾਂ ਦਾ ਪਤਾ 3 ਸਾਲਾਂ ਬਾਅਦ ਲੱਗਾ ਕਿ ਬਰਫ ਦੇ ਟੁੱਕੜਿਆਂ ਦੇ ਕਾਰਨ ਆਟੋ ਪਾਇਲਟ ਸਿਸਟਮ ਵੱਖ ਹੋ ਗਿਆ ਸੀ। ਇਸ ਹਾਦਸੇ ਵਿਚ ਲਾਪਤਾ 74 ਮੁਸਾਫਰਾਂ ਦੀਆਂ ਲਾਸ਼ਾਂ ਅਜੇ ਤੱਕ ਨਹੀਂ ਮਿਲੀਆਂ ਹਨ।

ਏਮੀਲੀਆ ਈਅਰਹਾਰਟ ਹਾਦਸਾ
ਜਹਾਜ਼ ਹਾਦਸਿਆਂ ਦੇ ਇਤਿਹਾਸ ਵਿਚ ਇਹ ਘਟਨਾ ਸਭ ਤੋਂ ਚਰਚਿਤ ਹੈ, ਜਿਸ ਦੌਰਾਨ ਇਕ ਬਹੁਤ ਹੀ ਅਨੁਭਵੀ ਪਾਇਲਟ ਏਮੀਲੀਆ ਈਅਰਹਾਰਟ ਆਪਣੇ ਦੋ ਇੰਜਣਾਂ ਵਾਲੇ ਮੋਨੋਪਲੇਨ ਸਮੇਤ ਫਲਾਈਟ ਦੌਰਾਨ ਗਾਇਬ ਹੋ ਗਈ ਸੀ। ਇਹ ਹਾਦਸਾ 1937 ਵਿਚ ਪ੍ਰਸ਼ਾਂਤ ਮਹਾਸਾਗਰ ਵਿਚ ਹੋਇਆ ਸੀ। ਏਮੀਲੀਆ ਆਪਣੇ ਜਹਾਜ਼ ਨਾਲ ਦੁਨੀਆ ਦੇ ਚੱਕਰ ਲਗਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਖੋਜ ਵਿਚ ਹੁਣ ਤੱਕ ਕਰੋੜਾਂ ਡਾਲਰ ਖਰਚੇ ਜਾ ਚੁੱਕੇ ਹਨ ਪਰ ਨਾ ਤਾਂ ਹੁਣ ਤੱਕ ਜਹਾਜ਼ ਦਾ ਮਲਬਾ ਮਿਲਿਆ ਹੈ ਅਤੇ ਨਾ ਹੀ ਏਮੀਲੀਆ ਦਾ ਕੁਝ ਪਤਾ ਲੱਗਾ ਹੈ। 1939 ਨੂੰ ਈਅਰਹਾਰਟ ਨੂੰ ਅਧਿਕਾਰਤ ਤੌਰ 'ਤੇ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਸੀ।

No comments:

Post a Comment