Sunday, 23 March 2014

ਇੰਡੀਅਨ ਮੁਜਾਹਦੀਨ ਦੇ ਚਾਰ ਸ਼ੱਕੀ ਅੱਤਵਾਦੀ ਗ੍ਰਿਫ਼ਤਾਰ

After Rajasthan, 2 youths detained from Delhi’s Jamia Nagar for ‘plotting to kill’ Narendra Modi
ਨਵੀਂ ਦਿੱਲੀ, 23 ਮਾਰਚ (ਏਜੰਸੀਆਂ ਰਾਹੀਂ)-ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਦੇਸ਼ ਵਿਚ ਕਈ ਬੰਬ ਧਮਾਕਿਆਂ ਦੇ ਸਬੰਧ ਵਿਚ ਲੋੜੀਂਦੇ ਇਕ ਪਾਕਿਸਤਾਨੀ ਸਮੇਤ ਇੰਡੀਅਨ ਮੁਜਾਹਦੀਨ ਦੇ ਚਾਰ ਸ਼ੱਕੀ ਅੱਤਵਾਦੀਆਂ ਨੂੰ ਰਾਜਸਥਾਨ ਤੋਂ ਗ੍ਰਿਫਤਾਰ ਕੀਤਾ ਹੈ। ਸਪੈਸ਼ਲ ਕਮਿਸ਼ਨਰ (ਵਿਸ਼ੇਸ਼ ਸੈੱਲ) ਐਸ. ਐਮ. ਸ੍ਰੀਵਾਸਤਵਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਸੀਂ ਚਾਰ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਨ੍ਹਾਂ ਚੋਂ ਇਕ ਦੀ ਪਛਾਣ ਵਕਸ ਵਜੋਂ ਹੋਈ ਹੈ। ਪਾਕਿਸਤਾਨੀ ਨਾਗਰਿਕ ਵਕਸ ਪੁਲਿਸ ਨੂੰ 12 ਜੁਲਾਈ 2012 ਨੂੰ ਮੁੰਬਈ ਦੇ ਜ਼ਵੇਰੀ ਬਾਜ਼ਾਰ ਵਿਖੇ ਲੜੀਵਾਰ ਧਮਾਕਿਆਂ ਸਮੇਤ ਦੇਸ਼ ਵਿਚ ਕਈ ਧਮਾਕਿਆਂ 'ਚ ਲੋੜੀਂਦਾ ਸੀ। ਸੂਤਰਾਂ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਸਾਰੇ ਅੱਤਵਾਦੀ ਰਾਜਸਥਾਨ ਵਿਚ ਜੋਧਪੁਰ ਤੋਂ ਆਪਣੀਆਂ ਸਰਗਰਮੀਆਂ ਚਲਾ ਰਹੇ ਸਨ ਅਤੇ ਉਨ੍ਹਾਂ ਦੀ ਲੋਕ ਸਭਾ ਚੋਣਾਂ ਦੌਰਾਨ ਵੱਡਾ ਹਮਲਾ ਕਰਨ ਦੀ ਯੋਜਨਾ ਸੀ। ਪੁਲਿਸ ਨੇ ਗ੍ਰਿਫਤਾਰ ਅੱਤਵਾਦੀਆਂ ਤੋਂ ਵੱਡੀ ਮਾਤਰਾ ਵਿਚ ਇਤਰਾਜ਼ਯੋਗ ਸਮੱਗਰੀ ਬਰਾਮਦ ਕੀਤੀ ਹੈ।
ਗ੍ਰਿਫ਼ਤਾਰੀ ਵੱਡੀ ਸਫਲਤਾ-ਸ਼ਿੰਦੇ
ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਵਲੋਂ ਇੰਡੀਅਨ ਮੁਜਾਹਦੀਨ ਦੇ ਚਾਰ ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫਤਾਰ ਕਰਨ ਨੂੰ ਵੱਡੀ ਸਫਲਤਾ ਕਰਾਰ ਦਿੰਦਿਆਂ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੇ ਕਿਹਾ ਕਿ ਇਸ ਨਾਲ ਹੋਰ ਅੱਤਵਾਦੀਆਂ ਨੂੰ ਕਾਬੂ ਕਰਨ ਵਿਚ ਮਦਦ ਮਿਲੇਗੀ। ਗ੍ਰਹਿ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਕਸ ਜਿਹੜਾ ਪਾਕਿਸਤਾਨੀ ਨਾਗਰਿਕ ਹੈ ਦੇਸ਼ ਵਿਚ ਵੱਖ ਵੱਖ ਅੱਤਵਾਦੀ ਹਮਲਿਆਂ ਲਈ ਲੋੜੀਂਦਾ ਸੀ ਅਤੇ ਅਸੀਂ ਉਸ ਦਾ ਪਿਛਲੇ 8-10 ਦਿਨ ਤੋਂ ਪਿੱਛਾ ਕਰ ਰਹੇ ਸੀ। ਵਕਸ ਬਾਰੇ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਸ੍ਰੀ ਸ਼ਿੰਦੇ ਨੇ ਕਿਹਾ ਕਿ ਜਦੋਂ ਸਮਾਂ ਆਵੇਗਾ ਤਾਂ ਅਸੀਂ ਇਸ ਬਾਰੇ ਖੁਲਾਸਾ ਕਰਾਂਗੇ। ਇਹ ਸਾਡੇ ਲਈ ਵੱਡੀ ਸਫਲਤਾ ਹੈ। ਅਸੀਂ ਉਸ ਨੂੰ ਕਾਬੂ ਕਰ ਲਿਆ ਹੈ ਅਤੇ ਉਸ ਦੀ ਗ੍ਰਿਫਤਾਰੀ ਬਹੁਤ ਮਹੱਤਵਪੂਰਣ ਹੈ। ਵਕਸ ਦੀ ਗ੍ਰਿਫਤਾਰੀ ਨਾਲ ਸਾਨੂੰ ਹੋਰ ਸੰਪਰਕਾਂ ਦਾ ਪਤਾ ਲਾਉਣ 'ਚ ਮਦਦ ਮਿਲੇਗੀ। ਅਸੀਂ ਦੋ-ਤਿੰਨ ਹੋਰ ਅੱਤਵਾਦੀਆਂ ਨੂੰ ਕਾਬੂ ਕਰਨ ਦੀ ਪ੍ਰਕਿਰਿਆ ਚੋਂ ਲੰਘ ਰਹੇ ਹਾਂ। ਜੇਕਰ ਉਹ ਉਸ ਮਾਮਲੇ ਦਾ ਜ਼ਿਕਰ ਕਰ ਦੇਣ ਜਿਸ ਵਿਚ ਉਹ ਸ਼ਾਮਿਲ ਸੀ, ਤਾਂ ਉਹ ਸਬੂਤ ਪੱਖੋਂ ਚੰਗੀ ਗੱਲ ਨਹੀਂ ਹੋਵੇਗੀ।
ਮੋਦੀ ਨੂੰ ਕੋਈ ਖ਼ਤਰਾ ਨਹੀਂ-ਸ਼ਿੰਦੇ
ਮੁੰਬਈ, 23 ਮਾਰਚ (ਪੀ. ਟੀ. ਆਈ.)-ਭਾਜਪਾ ਦੀਆਂ ਚਿੰਤਾਵਾਂ ਨੂੰ ਦੂਰ ਕਰਦਿਆਂ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੇ ਅੱਜ ਕਿਹਾ ਕਿ ਉਸ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਦੀ ਜਿੰਦਗੀ ਨੂੰ ਕੋਈ ਖਤਰਾ ਨਹੀਂ ਅਤੇ ਉਨ੍ਹਾਂ ਦੀ ਸੁਰੱਖਿਆ ਪਹਿਲਾਂ ਹੀ ਵਧਾਈ ਹੋਈ ਹੈ। ਗ੍ਰਹਿ ਮੰਤਰੀ ਸ਼ਿੰਦੇ ਨੇ ਮੋਦੀ ਸਮੇਤ ਭਾਜਪਾ ਨੇਤਾਵਾਂ ਨੂੰ ਸੰਭਾਵਤ ਖਤਰੇ ਬਾਰੇ ਸਵਾਲ ਦੇ ਜਵਾਬ ਵਿਚ ਕਿਹਾ ਕਿ ਭਾਜਪਾ ਨੇਤਾਵਾਂ ਦਾ ਇਕ ਵਫਦ ਉਨ੍ਹਾਂ ਨੂੰ ਮਿਲਿਆ ਸੀ ਅਤੇ ਉਨ੍ਹਾਂ ਨੇ ਵਫਦ ਮੈਂਬਰਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਕੋਈ ਖਤਰਾ ਨਹੀਂ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਦੀ ਰੈਲੀ ਦੌਰਾਨ ਪਟਨਾ ਵਿਚ ਹੋਏ ਬੰਬ ਧਮਾਕਿਆਂ ਪਿੱਛੋਂ ਉਨ੍ਹਾਂ ਖੁਦ ਹੀ ਉਨ੍ਹਾਂ ਦੀ ਸੁਰੱਖਿਆ ਵਧਾ ਦਿੱਤੀ। ਉਨ੍ਹਾਂ ਭਰੋਸਾ ਦਿਵਾਇਆ ਕਿ ਉਨ੍ਹਾਂ ਨੇ ਸੁਰੱਖਿਆ ਦੇ ਸਾਰਿਆਂ ਲਈ ਇੰਤਜ਼ਾਮ ਕੀਤੇ ਹਨ ਭਾਵੇਂ ਉਹ ਭਾਜਪਾ, ਸਮਾਜਵਾਦੀ ਪਾਰਟੀ, ਬਸਪਾ ਜਾਂ ਕਾਂਗਰਸ ਦੇ ਨੇਤਾ ਹੋਣ। ਭਾਜਪਾ ਨੇਤਾ ਰਵੀ ਸ਼ੰਕਰ ਪ੍ਰਸਾਦ ਦੀ ਅਗਵਾਈ ਵਿਚ ਭਾਜਪਾ ਵਫਦ ਨੇ ਸ਼ੁਕਰਵਾਰ ਸ੍ਰੀ ਸ਼ਿੰਦੇ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਲੋਕ ਸਭਾ ਚੋਣਾਂ ਦੌਰਾਨ ਬਾਜਪਾ ਨੇਤਾਵਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕੀਤੀ ਸੀ। ਸ੍ਰੀ ਪ੍ਰਸਾਦ ਨੇ ਕਿਹਾ ਸੀ ਕਿ ਕੁਝ ਤੱਤ ਹਨ ਜਿਹੜੇ ਚੋਣ ਪ੍ਰਕਿਰਿਆ ਵਿਚ ਰੁਕਾਵਟ ਪਾਉਣਾ ਚਾਹੁੰਦੇ ਹਨ।

No comments:

Post a Comment