ਵੀਂ ਦਿੱਲੀ—ਪੰਜਾਬ ਸਰਕਾਰ ਅਤੇ ਅਕਾਲੀ ਦਲ ਖਿਲਾਫ ਪਿਛਲੇ ਇਕ ਸਾਲ ਤੋਂ ਮੋਰਚਾ ਖੋਲ੍ਹ ਕੇ ਬੈਠੇ ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਮੈਂਬਰ ਨਵਜੋਤ ਸਿੰਘ ਸਿੱਧੂ ਨੂੰ ਆਖਰਕਾਰ ਅੰਮ੍ਰਿਤਸਰ ਤੋਂ ਵਿਦਾ ਕਰ ਦਿੱਤਾ ਗਿਆ ਹੈ। ਭਾਰਤੀ ਜਨਤਾ ਪਾਰਟੀ ਦੀ ਸ਼ਨੀਵਾਰ ਦੀ ਸ਼ਾਮ ਨੂੰ ਜਾਰੀ ਹੋਈ ਸੂਚੀ 'ਚ ਅੰਮ੍ਰਿਤਸਰ ਤੋਂ ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਰੁਣ ਜੇਤਲੀ ਨੂੰ ਟਿਕਟ ਦਿੱਤੀ ਗਈ ਹੈ। 2009 ਦੀਆਂ ਲੋਕ ਸਭਾ ਚੋਣਾਂ ਦੌਰਾਨ ਨਵਜੋਤ ਸਿੰਘ ਸਿੱਧੂ ਭਾਰਤੀ ਜਨਤਾ ਪਾਰਟੀ ਦੇ ਉੱਤਰ-ਭਾਰਤ ਦੀਆਂ 41 ਸੀਟਾਂ 'ਚੋਂ ਇਕਲੌਤੇ ਜੇਤੂ ਉਮੀਦਵਾਰ ਸਨ। ਇਸ ਦੇ ਬਾਵਜੂਦ ਪਾਰਟੀ ਨੇ ਨਵਜੋਤ ਸਿੰਘ ਸਿੱਧੂ ਨੂੰ ਅੰਮ੍ਰਿਤਸਰ ਤੋਂ ਟਿਕਟ ਨਹੀਂ ਦਿੱਤੀ। ਨਵਜੋਤ ਸਿੰਘ ਸਿੱਧੂ ਨੂੰ ਟਿਕਟ ਨਾ ਮਿਲਣ ਦੇ ਸੰਕੇਤ ਕੁਝ ਦਿਨ ਪਹਿਲਾਂ ਹੀ ਮਿਲਣੇ ਸ਼ੁਰੂ ਹੋ ਗਏ ਸਨ ਅਤੇ ਸ਼ਨੀਵਾਰ ਦੁਪਹਿਰ ਨੂੰ ਨਵਜੋਤ ਸਿੰਘ ਸਿੱਧੂ ਨੇ ਖੁਦ ਕਿਹਾ ਕਿ ਜੇਕਰ ਅੰਮ੍ਰਿਤਸਰ ਸੀਟ ਤੋਂ ਅਰੁਣ ਜੇਤਲੀ ਨੂੰ ਟਿਕਟ ਦਿੱਤੀ ਜਾਂਦੀ ਹੈ ਤਾਂ ਉਹ ਇਸ ਦਾ ਸੁਆਗਤ ਕਰਨਗੇ।
ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਸੀਟ ਤੋਂ ਲਗਾਤਾਰ ਤਿੰਨ ਵਾਰ ਚੋਣ ਜਿੱਤ ਚੁੱਕੇ ਸਨ ਪਰ ਪਿਛਲੇ ਇਕ ਸਾਲ ਤੋਂ ਸਿੱਧੂ ਅਤੇ ਪੰਜਾਬ ਸਰਕਾਰ ਵਿਚਕਾਰ ਛੱਤੀ ਦਾ ਅੰਕੜਾ ਚੱਲ ਰਿਹਾ ਸੀ। ਸਿੱਧੂ ਅੰਮ੍ਰਿਤਸਰ ਇੰਵਪਰੂਵਮੈਂਟ ਟਰੱਸਟ ਦੇ ਫੰਡ ਨੂੰ ਹੋਰਨਾਂ ਇਲਾਕਿਆਂ 'ਚ ਵਿਕਾਸ ਕਾਰਜਾਂ ਲਈ ਭੇਜੇ ਜਾਣ ਤੋਂ ਨਾਰਾਜ਼ ਸਨ। ਇਸ ਦੌਰਾਨ ਅੰਮ੍ਰਿਤਸਰ ਵਿਖੇ ਹੋਏ ਉਦਘਾਟਨਾਂ ਤੋਂ ਇਲਾਵਾ ਜਗਰਾਓਂ 'ਚ ਹੋਈ ਨਰਿੰਦਰ ਮੋਦੀ ਦੀ ਰੈਲੀ ਦਾ ਸੱਦਾ ਵੀ ਨਵਜੋਤ ਸਿੰਘ ਸਿੱਧੂ ਨੂੰ ਨਹੀਂ ਦਿੱਤਾ ਗਿਆ। ਅਕਾਲੀ ਲੀਡਰਸ਼ਿਪ ਨਾਲ ਨਾਰਾਜ਼ ਸਿੱਧੂ ਨੇ ਕੁਝ ਮਹੀਨੇ ਪਹਿਲਾਂ ਹੀ ਅੰਮ੍ਰਿਤਸਰ 'ਚ ਪੰਜਾਬ ਸਰਕਾਰ ਵਲੋਂ ਰੱਖੇ ਗਏ ਨੀਂਹ ਪੱਥਰਾਂ ਦੀ ਪੋਲ ਖੋਲ੍ਹਣ ਦੀ ਮੁਹਿੰਮ ਵੀ ਚਲਾਈ ਸੀ।
ਅੰਮ੍ਰਿਤਸਰ ਦੀ ਭਾਜਪਾ ਲੀਡਰਸ਼ਿਪ ਨੇ ਵੀ ਇਸ ਸੀਟ ਤੋਂ ਅਰੁਣ ਜੇਤਲੀ ਨੂੰ ਮੈਦਾਨ 'ਚ ਉਤਾਰਨ ਦੀ ਮੰਗ ਕੀਤੀ ਸੀ। ਜੇਤਲੀ ਦੇ ਮੈਦਾਨ 'ਚ ਉਤਰਨ ਤੋਂ ਬਾਅਦ ਇਸ ਸੀਟ ਲਈ ਲਗਾਤਾਰ ਪੈਰਵੀ ਕਰ ਰਹੇ ਰਜਿੰਦਰ ਮੋਹਨ ਸਿੰਘ ਛੀਨਾ ਦੀਆਂ ਉਮੀਦਾਂ ਨੂੰ ਵੀ ਝਟਕਾ ਲੱਗਾ ਹੈ। ਪਰ ਹੁਣ ਦੇਖਣਾ ਇਹ ਹੋਵੇਗਾ ਕਿ ਨਵਜੋਤ ਸਿੰਘ ਸਿੱਧੂ ਇਸ ਸੀਟ 'ਤੇ ਪ੍ਰਚਾਰ ਲਈ ਆਪਣੇ ਸਿਆਸੀ ਗੁਰੂ ਅਰੁਣ ਜੇਤਲੀ ਦਾ ਦਿਲੋਂ ਸਾਥ ਦਿੰਦੇ ਹਨ ਜਾਂ ਨਹੀਂ।
No comments:
Post a Comment