Tuesday, 18 March 2014

ਪੰਜਾਬ ਤੇ ਹਰਿਆਣਾ 'ਚ ਭਾਰੀ ਮੀਂਹ ਕਾਰਨ ਫਸਲਾਂ ਨੂੰ ਨੁਕਸਾਨ ਦਾ ਖਦਸ਼ਾ, ਕਸ਼ਮੀਰ ਵਾਦੀ 'ਚ ਬਰਫ਼ਬਾਰੀ

Rains lash Punjab and Haryana, may hurt crops 
ਚੰਡੀਗੜ੍ਹ, 18 ਮਾਰਚ (ਏਜੰਸੀ) - ਬੀਤੀ ਰਾਤ ਪੰਜਾਬ ਤੇ ਹਰਿਆਣਾ 'ਚ ਭਾਰੀ ਬਾਰਸ਼ ਹੋਈ ਜਿਸ ਨਾਲ ਕਿਸਾਨਾਂ ਦੀਆਂ ਚਿੰਤਾਵਾਂ ਵੱਧ ਗਈਆਂ ਹਨ ਕਿਉਂਕਿ ਹਾੜੀ ਦੀ ਮੁੱਖ ਫ਼ਸਲ ਕਣਕ ਪੱਕਣ ਦੇ ਨੇੜੇ ਪਹੁੰਚੀ ਹੋਈ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਰਾਜਧਾਨੀ ਚੰਡੀਗੜ੍ਹ 'ਚ 19.6 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ। ਹਰਿਆਣਾ 'ਚ ਅੰਬਾਲਾ 'ਚ 7.6 ਮਿਲੀਮੀਟਰ, ਹਿਸਾਰ 2.8 ਜਦਕਿ ਕਰਨਾਲ 'ਚ 4.6 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ। ਪੰਜਾਬ 'ਚ ਅੰਮ੍ਰਿਤਸਰ 'ਚ 18 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ। ਲੁਧਿਆਣਾ 'ਚ 6 ਮਿਲੀਮੀਟਰ, ਪਟਿਆਲਾ 9.4 ਤੇ ਪਠਾਨਕੋਟ 'ਚ 8 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ। ਜਲੰਧਰ, ਰੋਪੜ, ਮੋਹਾਲੀ ਤੇ ਫਗਵਾੜਾ ਤੋਂ ਵੀ ਮੀਂਹ ਪੈਣ ਦੀਆਂ ਸੂਚਨਾਵਾਂ ਮਿਲੀਆਂ ਹਨ। ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪੱਛਮੀ ਪੌਣਾਂ ਦੀ ਗੜਬੜੀ ਕਾਰਨ ਮੀਂਹ ਪੈ ਰਿਹਾ ਹੈ। ਇਕ ਹਫਤਾ ਪਹਿਲਾਂ ਬੇਮੌਸਮੀ ਬਰਸਾਤ ਤੇ ਤੇਜ਼ ਹਨ੍ਹੇਰੀ ਨਾਲ ਦੋਵਾਂ ਰਾਜਾਂ 'ਚ ਕਣਕ ਦੀ ਫਸਲ ਵਿਛ ਗਈ ਸੀ। ਖੇਤੀ ਮਾਹਿਰਾਂ ਦਾ ਕਹਿਣਾ ਕਿ ਮੌਜੂਦਾ ਸਮੇਂ ਹੋ ਰਹੀ ਬਾਰਸ਼ ਫਸਲਾਂ ਲਈ ਠੀਕ ਨਹੀਂ। ਉੱਧਰ, ਕਸ਼ਮੀਰ ਵਾਦੀ ਦੇ ਪਹਿਲਗਾਮ ਤੇ ਗੁਲਮਾਰਗ ਸੈਲਾਨੀ ਥਾਵਾਂ 'ਤੇ ਬੀਤੀ ਰਾਤ ਤਾਜ਼ਾ ਬਰਫ਼ਬਾਰੀ ਹੋਈ ਜਿਸ ਕਾਰਨ ਸ੍ਰੀਨਗਰ-ਜੰਮੂ ਕੌਮੀ ਮਾਰਗ ਆਰਜ਼ੀ ਤੌਰ 'ਤੇ ਬੰਦ ਕਰ ਦਿੱਤਾ ਗਿਆ। ਕਸ਼ਮੀਰ ਦੇ ਆਈ. ਜੀ ਟਰੈਫਿਕ ਮੁਨੀਰ ਖਾਨ ਨੇ ਦੱਸਿਆ ਕਿ ਪੰਥਾਲ ਇਲਾਕੇ 'ਚ ਲਗਾਤਾਰ ਮੀਂਹ ਪੈਣ ਤੇ ਢਿੱਗਾਂ ਡਿੱਗਣ ਕਾਰਨ ਇਸ ਰੂਟ 'ਤੇ ਵੱਡੀਆਂ ਮੋਟਰ ਗੱਡੀਆਂ ਦਾ ਚੱਲਣਾ ਅਸੁਰੱਖਿਅਤ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਭਾਰੀਆਂ ਮੋਟਰ ਗੱਡੀਆਂ ਨੂੰ ਜੰਮੂ ਨੇੜੇ ਰੋਕ ਲਿਆ ਹੈ ਅਤੇ ਉਨ੍ਹਾਂ ਨੂੰ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ।

No comments:

Post a Comment