ਕੁਆਲਾਲੰਪੁਰ—ਲਾਪਤਾ ਮਲੇਸ਼ੀਆਈ ਏਅਰਲਾਈਨਜ਼ ਦੇ ਜਹਾਜ਼ ਐੱਮ. ਐੱਚ. 370 ਨੂੰ ਅਗਵਾ ਕੀਤਾ ਗਿਆ ਹੈ। ਇਨ੍ਹਾਂ ਖਬਰਾਂ ਦਾ ਖੁਲਾਸਾ ਇੰਟਰਨੈਸ਼ਨਲ ਨਿਊਜ਼ ਏਜੰਸੀ ਨੇ ਕੀਤਾ ਹੈ। ਅਗਵਾ ਕਰਨ ਵਾਲਿਆਂ ਨੂੰ ਜਹਾਜ਼ ਉਡਾਉਣ ਦਾ ਅਨੁਭਵ ਹਾਸਲ ਹੈ ਅਤੇ ਜਹਾਜ਼ ਨੂੰ ਅਗਵਾ ਕਰਨ ਵਾਲੇ ਲੋਕ ਇਕ ਤੋਂ ਜ਼ਿਆਦਾ ਹਨ। ਇੰਨਾਂ ਹੀ ਨਹੀਂ ਅਗਵਾਕਰਤਾਵਾਂ ਨੇ ਕਮਿਊਨੀਕੇਸ਼ਨ ਸਿਸਟਮ ਬੰਦ ਕਰ ਦਿੱਤਾ ਸੀ।
ਮਲੇਸ਼ੀਆਈ ਸਰਕਾਰ ਦੇ ਜਾਂਚਕਰਤਾਵਾਂ ਨੇ ਦਾਅਵਾ ਕੀਤਾ ਹੈ ਕਿ ਮਲੇਸ਼ੀਆ ਏਅਰਲਾਈਨਜ਼ ਦੀ ਫਲਾਈਟ ਐੱਮ. ਐੱਚ. 370 ਨੂੰ ਅਗਵਾ ਕਰਨ ਤੋਂ ਬਾਅਦ ਅਜੇ ਤੱਕ ਕਿਸੇ ਤਰ੍ਹਾਂ ਦੀ ਮੰਗ ਨਹੀਂ ਕੀਤੀ ਗਈ ਹੈ ਅਤੇ ਨਾ ਹੀ ਇਸ ਦੇ ਪਿੱਛੇ ਕਿਸੇ ਮਕਸਦ ਦਾ ਪਤਾ ਲੱਗ ਸਕਿਆ ਹੈ।
ਦੂਜੇ ਪਾਸੇ ਰਹੱਸਮਈ ਤਰੀਕੇ ਨਾਲ ਲਾਪਤਾ ਹੋਏ ਜਹਾਜ਼ ਦੀ ਤਲਾਸ਼ੀ ਮੁਹਿੰਮ ਸ਼ੁੱਕਰਵਾਰ ਨੂੰ ਭਾਰਤ ਤੋਂ ਚੇਨਈ ਤੱਟ 'ਤੇ ਪਹੁੰਚ ਗਈ। ਕੁਆਲਾਲੰਪੁਰ ਤੋਂ ਤਾਜਾ ਮੰਗ ਤੋਂ ਬਾਅਦ ਭਾਰਤ ਬੰਗਾਲ ਦੀ ਖਾੜੀ ਵਿਚ ਤਲਾਸ਼ੀ ਮੁਹਿੰਮ ਚਲਾਉਣ ਵਿਚ ਆਪਣਾ ਸਹਿਯੋਗ ਦੇਣ ਲਈ ਤਿਆਰ ਹੋ ਗਿਆ ਹੈ। ਭਾਰਤ ਨੇ ਚੇਨਈ ਤੋਂ ਕਰੀਬ 300 ਕਿਲੋਮੀਟਰ ਦੂਰ ਬੰਗਾਲ ਦੀ ਖਾੜੀ ਵਿਚ 9000 ਵਰਗ ਕਿਲੋਮੀਟਰ ਤੋਂ ਜ਼ਿਆਦਾ ਖੇਤਰ ਵਿਚ ਆਪਣੀ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਲਾਪਤਾ ਜਹਾਜ਼ ਦੇ ਬਾਰੇ 'ਚ ਲਗਾਤਾਰ ਆ ਰਹੀਆਂ ਕਈ ਤਰ੍ਹਾਂ ਦੀਆਂ ਗੁੰਮਰਾਹ ਕਰਨ ਵਾਲੀਆਂ ਖਬਰਾਂ ਨੇ ਇਸ ਦੇ ਲਾਪਤਾ ਹੋਣ ਦਾ ਰਹੱਸ ਹੋਰ ਗਹਿਰਾ ਦਿੱਤਾ ਹੈ। ਇਕ ਖਬਰ ਵਿਚ ਕਿਹਾ ਗਿਆ ਹੈ ਕਿ ਰਡਾਰ ਨਾਲ ਸੰਪਰਕ ਟੁੱਟਣ ਤੋਂ ਬਾਅਦ ਜਹਾਜ਼ ਵਾਪਸ ਪਰਤਿਆ ਸੀ ਅਤੇ ਮਲੇਸ਼ੀਆ ਦੇ ਉਪਰੋਂ ਹੀ ਲੰਘਿਆ ਸੀ। ਇਕ ਹੋਰ ਰਿਪੋਰਟ ਵਿਚ ਅਮਰੀਕੀ ਅਧਿਕਾਰੀ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਇਹ ਸਮੁੰਦਰੀ ਡਕੈਤੀ ਦਾ ਮਾਮਲਾ ਹੋ ਸਕਦਾ ਹੈ।
No comments:
Post a Comment