Wednesday, 30 April 2014

ਆਸਟ੍ਰੇਲੀਆਈ ਕੰਪਨੀ ਦਾ ਜਹਾਜ਼ ਦਾ ਮਲਬਾ ਲੱਭਣ ਦਾ ਦਾਅਵਾ

 
ਕੁਆਲਾਲੰਪੁਰ, 29 ਅਪ੍ਰੈਲ (ਏਜੰਸੀ) - ਆਸਟ੍ਰੇਲੀਆ ਦੀ ਇਕ ਕੰਪਨੀ ਨੇ ਬੰਗਾਲ ਦੀ ਖਾੜੀ 'ਚ ਲਾਪਤਾ ਮਲੇਸ਼ੀਆਈ ਜਹਾਜ਼ ਦਾ ਮਲਬਾ ਮਿਲਣ ਦਾ ਦਾਅਵਾ ਕੀਤਾ ਹੈ। ਇਹ ਜਗ੍ਹਾ ਹਿੰਦ ਮਹਾਸਾਗਰ 'ਚ ਇਸ ਸਮੇਂ ਜਾਰੀ ਤਲਾਸ਼ੀ ਜਗ੍ਹਾ ਤੋਂ 5000 ਕਿਲੋਮੀਟਰ ਦੂਰ ਹੈ। ਮਲੇਸ਼ੀਆਈ ਅਖ਼ਬਾਰ 'ਦਾ ਸਟਾਰ' ਦੀ ਖ਼ਬਰ ਅਨੁਸਾਰ ਐਡੀਲੇਡ ਸਥਿਤ ਜਿਯੋਰੇਜੋਨੈਂਸ ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ ਬੀਤੇ 10 ਮਾਰਚ ਨੂੰ ਉਡਾਣ ਐਮ. ਐਚ.-370 ਦੀ ਖੁਦ ਤਲਾਸ਼ੀ ਸ਼ੁਰੂ ਕੀਤੀ ਸੀ ਤੇ ਹੁਣ ਉਸ ਨੂੰ ਤਲਾਸ਼ੀ ਦੀ ਵਰਤਮਾਨ ਜਗ੍ਹਾ ਤੋਂ 5000 ਕਿਲੋਮੀਟਰ ਦੂਰ ਬੰਗਾਲ ਦੀ ਖਾੜੀ 'ਚ ਜਹਾਜ਼ ਦੇ ਸੰਭਾਵਿਤ ਮਲਬੇ ਦਾ ਪਤਾ ਲੱਗਾ ਹੈ। ਕੰਪਨੀ ਦੇ ਬੁਲਾਰੇ ਡੇਵਿਡ ਪੋਪ ਨੇ ਦੱਸਿਆ ਕਿ ਜਿਯੋਰੇਜੋਨੈਂਸ ਸੰਭਾਵਿਤ ਦੁਰਘਟਨਾ ਖੇਤਰ ਦੇ 20,00,000 ਵਰਗ ਕਿਲੋਮੀਟਰ ਇਲਾਕੇ 'ਚ ਤਲਾਸ਼ੀ ਕਰ ਰਿਹਾ ਹੈ। ਇਸ ਦੇ ਤਹਿਤ ਉਪਗ੍ਰਹਿ ਤੇ ਜਹਾਜ਼ ਤੋਂ ਮਿਲੀਆਂ ਤਸਵੀਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਵਿਗਿਆਨਿਕ ਅੰਕੜਿਆਂ ਦੇ ਵਿਸ਼ਲੇਸ਼ਣ ਲਈ 20 ਤੋਂ ਜ਼ਿਆਦਾ ਤਕਨੀਕਾਂ ਦੀ ਵਰਤੋਂ ਕਰ ਰਹੇ ਹਾਂ ਜਿਨ੍ਹਾਂ 'ਚ ਇਕ ਪ੍ਰਮਾਣੂ ਰਿਐਕਟਰ ਵੀ ਸ਼ਾਮਿਲ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੀ ਕੰਪਨੀ ਉਸ ਤਕਨੀਕ ਦੀ ਵਰਤੋਂ ਕਰ ਰਹੀ ਹੈ ਜਿਸ ਦਾ ਵਿਕਾਸ ਮੂਲ ਰੂਪ ਨਾਲ ਪ੍ਰਮਾਣੂ ਹਥਿਆਰ ਤੇ ਪਣਡੁੱਬੀਆਂ ਦੀ ਤਲਾਸ਼ੀ ਲਈ ਕੀਤਾ ਗਿਆ ਸੀ।

ਵਾਰਾਨਸੀ 'ਚ ਭਾਜਪਾ ਸਮਰਥਕਾਂ ਵੱਲੋਂ 'ਆਪ' ਦੇ ਕਾਰਕੁੰਨਾਂ ਉਪਰ ਹਮਲਾ, 3 ਜ਼ਖ਼ਮੀ

ਵਾਰਾਨਸੀ , 29 ਅਪ੍ਰੈਲ (ਏਜੰਸੀ)-ਆਸੀ ਘਾਟ ਖੇਤਰ ਵਿਚ ਕੁਝ ਸ਼ੱਕੀ ਭਾਜਪਾ ਸਮਰਥਕਾਂ ਵੱਲੋਂ ਕੀਤੇ ਗਏ ਹਮਲੇ ਵਿਚ ਆਮ ਆਦਮੀ ਪਾਰਟੀ (ਆਪ) ਦੇ 3 ਕਾਰਕੁੰਨ ਜਖਮੀ ਹੋ ਗਏ। ਪੁਲਿਸ ਨੇ 15 ਅਣ ਪਛਾਤੇ ਵਿਅਕਤੀਆਂ ਵਿਰੁੱਧ ਐਫ.ਆਈ.ਆਰ ਦਰਜ ਕਰ ਲਈ ਹੈ। ਆਪ ਦੇ ਕਾਰਕੁੰਨ ਅੰਕਿਤ ਲਾਲ ਨੇ ਦਸਿਆ ਕਿ ਉਹ ਆਸੀ ਘਾਟ ਖੇਤਰ ਵਿਚ ਪਾਣੀ ਪੀ ਰਹੇ ਸਨ ਤਾਂ ਭਾਜਪਾ ਵਰਕਰਾਂ ਦਾ ਇਕ ਗਰੁੱਪ ਉਥੇ ਆਇਆ ਤੇ ਉਨ੍ਹਾਂ ਨੂੰ ਪਾਰਟੀ ਦੀਆਂ ਟੋਪੀਆਂ ਉਤਾਰਨ ਲਈ ਕਿਹਾ। ਨਾਂਹ ਕਰਨ 'ਤੇ ਭਾਜਪਾ ਵਰਕਰਾਂ ਨੇ ਉਨ੍ਹਾਂ ਉਪਰ ਹਮਲਾ ਕਰ ਦਿੱਤਾ। ਭੇਲੂਪੁਰ ਥਾਣੇ ਦੇ ਐਸ.ਐਚ.ਓ ਵੀ.ਕੇ ਸਿੰਘ ਨੇ ਦਸਿਆ ਕਿ ਆਪ ਕਾਰਕੁੰਨਾਂ ਨੇ 15 ਅਣਪਛਾਤੇ ਹਮਲਾਵਰਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਆਪਣੀ ਸ਼ਿਕਾਇਤ ਵਿਚ ਆਪ ਕਾਰਕੁੰਨਾਂ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਉਪਰ ਹਮਲਾ ਭਾਜਪਾ ਵਰਕਰਾਂ ਨੇ ਕੀਤਾ ਹੈ। ਜਖਮੀ ਹੋਏ ਆਪ ਦੇ ਸਾਰੇ 3 ਕਾਰਕੁੰਨ ਨਦਾਨ ਮਿਸ਼ਰਾ, ਅੰਕਿਤ ਲਾਲ ਤੇ ਪ੍ਰਭਾਤ ਇਕ ਸੰਗੀਤਕ ਚੋਣ ਮੁਹਿੰਮ ਗਰੁੱਪ 'ਪਲੇਅ ਫਾਰ ਚੇਂਜ' ਦੇ ਮੈਂਬਰ ਹਨ ਜੋ ਪਾਰਟੀ ਦੀ ਮੁਹਿੰਮ ਚਲਾ ਰਹੇ ਹਨ।

ਲੋਕਸਭਾ ਚੋਣ ਦੇ 7ਵੇਂ ਪੜਾਅ 'ਚ 9 ਰਾਜਾਂ ਦੀਆਂ 89 ਸੀਟਾਂ 'ਤੇ ਜਬਰਦਸਤ ਵੋਟਿੰਗ

ਨਵੀਂ ਦਿੱਲੀ, 30 ਅਪ੍ਰੈਲ (ਏਜੰਸੀ) - ਲੋਕਸਭਾ ਚੋਣ ਦੇ ਸੱਤਵੇਂ ਪੜਾਅ ਦੇ ਮਤਦਾਨ ਦੌਰਾਨ ਸੱਤ ਰਾਜਾਂ ਤੇ ਦੋ ਸੰਘੀ ਸ਼ਾਸਤ ਖੇਤਰਾਂ 'ਚ ਸਾਰੀਆਂ ਥਾਂਵਾਂ 'ਤੇ ਭਾਰੀ ਮਤਦਾਨ ਹੋ ਰਿਹਾ ਹੈ। ਇਸ ਪੜਾਅ 'ਚ ਸੋਨੀਆ ਗਾਂਧੀ, ਲਾਲਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਤੇ ਨਰਿੰਦਰ ਮੋਦੀ ਜਿਹੇ ਸਿਖਰ ਨੇਤਾਵਾਂ ਦੇ ਭਵਿੱਖ ਦਾ ਫੈਸਲਾ ਹੋਣਾ ਹੈ। ਪੰਜਾਬ 'ਚ ਬੁੱਧਵਾਰ ਨੂੰ 13 ਲੋਕਸਭਾ ਹਲਕਿਆਂ ਲਈ ਸ਼ੁਰੂ ਹੋਇਆ ਮਤਦਾਨ ਜਾਰੀ ਹੈ। ਮਤਦਾਨ ਨੂੰ ਲੈ ਕੇ ਮਤਦਾਤਾਵਾਂ 'ਚ ਉਤਸ਼ਾਹ ਵੇਖਿਆ ਜਾ ਰਿਹਾ ਹੈ। ਰਾਜ 'ਚ ਇੱਕ ਹੀ ਪੜਾਅ 'ਚ ਸਾਰੀਆਂ 13 ਲੋਕਸਭਾ ਸੀਟਾਂ ਲਈ ਮਤਦਾਨ ਹੋ ਰਿਹਾ ਹੈ। ਚੋਣ ਕਮਿਸ਼ਨ ਨੇ ਦੱਸਿਆ ਕਿ ਦੁਪਹਿਰ 3 ਵਜੇ ਤੱਕ 54 ਫ਼ੀਸਦੀ ਮਤਦਾਨ ਦਰਜ ਕੀਤਾ ਗਿਆ। ਮਤਦਾਨ ਫ਼ੀਸਦੀ ਦੇ ਮਾਮਲੇ 'ਚ ਸੰਗਰੂਰ, ਬਠਿੰਡਾ ਤੇ ਹੋਸ਼ਿਆਰਪੁਰ ਸੰਸਦੀ ਖੇਤਰ ਸਭ ਤੋਂ ਅੱਗੇ ਰਹੇ। ਲੋਕ ਸਵੇਰੇ ਸੱਤ ਵਜੇ ਮਤਦਾਨ ਕੇਂਦਰਾਂ ਦੇ ਖੁੱਲਣ ਤੋਂ ਵੀ ਪਹਿਲਾਂ ਲਾਈਨਾਂ 'ਚ ਲੱਗ ਗਏ। ਪ੍ਰਮੁੱਖ ਉਮੀਦਵਾਰਾਂ 'ਚ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ, ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਅਰੁਣ ਜੇਤਲੀ, ਕਾਂਗਰਸ ਦੇ ਅਮਰਿੰਦਰ ਸਿੰਘ ਤੇ ਤਿੰਨ ਵਾਰ ਤੋਂ ਭਾਜਪਾ ਦੇ ਸੰਸਦ - ਐਕਟਰ ਵਿਨੋਦ ਖੰਨਾ ਸ਼ਾਮਿਲ ਹਨ। ਅੰਮ੍ਰਿਤਸਰ ਸੀਟ 'ਤੇ ਕਾਂਟੇ ਦੀ ਟੱਕਰ ਹੈ। ਇੱਥੇ ਸੀਨੀਅਰ ਭਾਜਪਾ ਨੇਤਾ ਅਰੁਣ ਜੇਤਲੀ ਚੋਣ ਲੜ ਰਹੇ ਹਨ, ਉਨ੍ਹਾਂ ਦੀ ਟੱਕਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਨੇਤਾ ਅਮਰਿਦਰ ਸਿੰਘ ਨਾਲ ਹੈ।

ਅੰਮ੍ਰਿਤਸਰ 'ਚ 4 ਵਜੇ ਤੱਕ 53 ਫੀਸਦੀ ਵੋਟਾਂ ਪਈਆਂ

ਅੰਮ੍ਰਿਤਸਰ, 30 ਅਪ੍ਰੈਲ (ਹਰਪ੍ਰੀਤ ਸਿੰਘ ਗਿੱਲ ) - ਪੰਜਾਬ 'ਚ ਅੱਜ ਪੈ ਰਹੀਆਂ 16ਵੀਂ ਲੋਕ ਸਭਾ ਲਈ ਵੋਟਾਂ ਦੌਰਾਨ ਹਲਕਾ ਅੰਮ੍ਰਿਤਸਰ ਤੋਂ ਬਾਅਦ ਦੁਪਹਿਰ 3 ਵਜੇ ਤੱਕ 47 ਫੀਸਦੀ ਪੋਲਿੰਗ ਦੀ ਖ਼ਬਰ ਹੈ। ਸਵੇਰ ਸਾਰ 7 ਤੋਂ 9 ਦਰਮਿਆਨ ਪੋਲ ਫੀਸਦੀ 12 ਸੀ ਅਤੇ 11 ਵਜੇ ਤੱਕ 23 ਫੀਸਦੀ ਵੋਟਾਂ ਪਈਆਂ। ਇਸ ਉਪਰੰਤ 11 ਤੋਂ 1 ਦਰਮਿਆਨ ਇਹ ਪੋਲਿੰਗ 37 ਫੀਸਦੀ ਤੱਕ ਪਹੁੰਚ ਗਈ ਜਦ ਕਿ 4 ਵਜੇ ਤੱਕ 53 ਫੀਸਦੀ ਵੋਟਾਂ ਪੈ ਗਈਆਂ। ਤਿੱਖੜ ਗਰਮੀ ਕਾਰਨ ਦੁਪਹਿਰ ਸਮੇਂ ਲੋਕ ਵੋਟਾਂ ਪਾਉਣ ਲਈ ਬਾਹਰ ਘੱਟ ਨਿਕਲ ਰਹੇ ਹਨ, ਜਦ ਕਿ 4 ਤੋਂ 6 ਦਰਮਿਆਨ ਪੋਲਿੰਗ ਦੀ ਮੁੜ ਤੇਜੀ ਆਉਣ ਦੀ ਸੰਭਾਵਨਾ ਹੈ।

ਭਗਵੰਤ ਮਾਨ ਤੇ ਕੁਲਵੰਤ ਸਿੰਘ ਨੇ ਮੁਹਾਲੀ 'ਚ ਵੋਟ ਪਾਈ

ਅਜੀਤਗੜ੍ਹ, 30 ਅਪ੍ਰੈਲ (ਕੇ. ਐੱਸ. ਰਾਣਾ) - ਲੋਕ ਸਭਾ ਚੋਣਾਂ ਲਈ ਪੰਜਾਬ ਅੰਦਰ ਅੱਜ ਹੋਈ ਵੋਟਿੰਗ ਦੌਰਾਨ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਉਮੀਦਵਾਰ ਭਗਵੰਤ ਮਾਨ ਨੇ ਅਜੀਤਗੜ੍ਹ ਵਿਚਲੇ ਫੇਜ਼ 3ਬੀ1 ਦੇ ਸਰਕਾਰੀ ਮਾਡਲ ਸਕੂਲ ਵਿਖੇ ਆਪਣੀ ਵੋਟ ਪਾਈ, ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਕੁਲਵੰਤ ਸਿੰਘ ਨੇ ਇਥੋਂ ਦੇ ਸੈਕਟਰ 71 ਵਿਚਲੇ ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ ਵਿਖੇ ਆਪਣੀ ਵੋਟ ਪਾਈ। ਇਥੇ ਇਹ ਗੱਲ ਵਰਨਣਯੋਗ ਹੈ ਕਿ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਦੀ ਰਿਹਾਇਸ਼ ਇਥੋਂ ਦੇ ਫੇਜ਼ 2 ਵਿਖੇ ਹੋਣ ਦੇ ਬਾਵਜੂਦ ਉਨ੍ਹਾਂ ਦੀ ਇਥੇ ਵੋਟ ਨਾ ਹੋਣ ਕਾਰਨ ਉਹ ਵੋਟ ਨਾ ਪਾ ਸਕੇ, ਜਦਕਿ ਕਾਂਗਰਸੀ ਉਮੀਦਵਾਰ ਬੀਬੀ ਅੰਬਿਕਾ ਸੋਨੀ ਦੀ ਰਿਹਾਇਸ਼ ਚੰਡੀਗੜ੍ਹ ਹੈ ਤੇ ਉਨ੍ਹਾਂ ਦੀ ਵੋਟ ਹੁਸ਼ਿਆਰਪੁਰ ਵਿਖੇ ਬਣੀ ਹੋਈ ਹੈ ਲਿਹਾਜਾ ਉਹ ਵੀ ਆਪਣੇ ਹਲਕੇ 'ਚ ਵੋਟ ਪਾਉਣ ਤੋਂ ਵਾਂਝੇ ਰਹੇ। ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀਮਤੀ ਅੰਬਿਕਾ ਸੋਨੀ ਤੇ ਪ੍ਰੋ: ਚੰਦੂਮਾਜਰਾ ਹਲਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵੱਖ-ਵੱਖ ਵਿਧਾਨ ਸਭਾ ਹਲਕਿਆਂ 'ਚ ਰੁੱਝੇ ਹੋਣ ਕਾਰਨ ਆਪਣੀ ਵੋਟ ਦਾ ਇਸਤੇਮਾਲ ਨਹੀਂ ਕਰ ਸਕੇ।

ਸੜਕਾਂ ਰਹੀਆਂ ਸੁੰਨੀਆ ਤੇ ਬਾਜ਼ਾਰ ਰਹੇ ਬੰਦ, ਇਕਾ ਦੁੱਕਾ ਦੁਕਾਨਾਂ ਖੁੱਲ੍ਹੀਆਂ

ਲੁਧਿਆਣਾ, 30 ਅਪ੍ਰੈਲ (ਪਰਮੇਸ਼ਰ ਸਿੰਘ) - ਅੱਜ ਵੋਟਾਂ ਦਾ ਦਿਨ ਹੋਣ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੋਣ ਕਮਿਸ਼ਨ ਦੀਆਂ ਹਦਾਇਤਾਂ 'ਤੇ ਸਾਰੇ ਕਾਰੋਬਾਰੀ ਅਦਾਰੇ, ਕਾਰਖਾਨੇ, ਦਫ਼ਤਰ ਆਦਿ ਬੰਦ ਰੱਖਣ ਦੇ ਹੁਕਮ ਕਾਰਨ ਸੂਬੇ ਦੇ ਸਭ ਤੋਂ ਭੀੜ ਭੜੱਕੇ ਵਾਲੇ ਇਸ ਸਨਅਤੀ ਸ਼ਹਿਰ 'ਚ ਸੜਕਾਂ ਸੁੰਨੀਆਂ ਰਹੀਆਂ ਤੇ ਬਾਜ਼ਾਰ ਵੀ ਲਗਭਗ ਬੰਦ ਹੋਣ ਕਾਰਨ ਹਰ ਪਾਸੇ ਬੈਰੌਣਕੀ ਛਾਈ ਰਹੀ। ਸਾਰੇ ਅਦਾਰੇ ਬੰਦ ਹੋਣ ਕਾਰਨ ਸ਼ਹਿਰ ਦੇ ਲੋਕਾਂ ਦੀ ਆਵਾਜਾਈ ਵੀ ਲਗਭਗ ਠੱਪ ਰਹੀ ਤੇ ਇਸ ਕਾਰਨ ਹਰ ਵੇਲੇ ਧੂੰਏਂ ਤੇ ਧੂੜ ਨਾਲ ਫੈਲਦੇ ਪ੍ਰਦੂਸ਼ਣ ਤੋਂ ਮੁਕਤ ਸੜਕਾਂ ਭਾਂਅ ਭਾਂਅ ਕਰ ਰਹੀਆਂ ਸਨ। ਇਕਾ ਦੁੱਕਾ ਦੁਕਾਨਾਂ ਖੁੱਲ੍ਹੀਆਂ ਵੀ ਹੋਈਆਂ ਸਨ ਪਰ ਕੁੱਝ ਥਾਵਾਂ 'ਤੇ ਤਾਂ ਪੁਲਿਸ ਨੇ ਇਨ੍ਹਾਂ ਨੂੰ ਵੀ ਬੰਦ ਕਰਵਾ ਦਿੱਤਾ। ਕਈ ਥਾਵਾਂ 'ਤੇ ਦੁਕਾਨਦਾਰ ਵੋਟਾਂ ਪਾਉਣ ਤੋਂ ਵਿਹਲੇ ਹੋ ਕੇ ਆਪੋ ਆਪਣੀਆਂ ਦੁਕਾਨਾਂ ਦੇ ਸ਼ਟਰ ਅੱਧ ਪਚੱਧੇ ਖੋਲ੍ਹ ਕੇ ਉਨ੍ਹਾਂ ਦੇ ਬਾਹਰ ਜਾਂ ਤਾਂ ਆਸ ਪਾਸ ਦੇ ਦੁਕਾਨਦਾਰਾਂ ਨਾਲ ਢਾਣੀਆਂ ਬਣਾ ਕੇ ਗੱਪਾਂ ਮਾਰਦੇ ਰਹੇ ਜਾਂ ਕੁੱਝ ਥਾਵਾਂ 'ਤੇ ਤਾਸ਼ ਦੀਆਂ ਬਾਜ਼ੀਆਂ ਲਾਉਂਦੇ ਰਹੇ।

Tuesday, 29 April 2014

ਮੋਰਿੰਡਾ ਮੰਡੀ 'ਚ ਵੇਅਰ ਹਾਊਸ ਵੱਲੋਂ ਖਰੀਦੀ ਕਣਕ ਦਾ ਕੋਈ ਪੈਸਾ ਨਹੀਂ ਮਿਲਿਆ

ਮੋਰਿੰਡਾ, 29 ਅਪ੍ਰੈਲ (ਕੰਗ) - ਦਾਣਾ ਮੰਡੀ ਮੋਰਿੰਡਾ 'ਚ 13 ਅਪ੍ਰੈਲ ਤੋਂ ਕਣਕ ਦੀ ਖਰੀਦ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਸਰਕਾਰੀ ਨਿਯਮਾਂ ਮੁਤਾਬਕ ਕਣਕ ਦੀ ਅਦਾਇਗੀ ਵੱਧ ਤੋਂ ਵੱਧ ਤਿੰਨ ਦਿਨ ਦੇ ਅੰਦਰ ਕਰਨੀ ਜ਼ਰੂਰੀ ਹੁੰਦੀ ਹੈ। ਪ੍ਰੰਤੂ ਅੱਜ 15 ਦਿਨ ਬੀਤ ਜਾਣ ਉਪਰੰਤ ਵੀ ਸਰਕਾਰੀ ਖਰੀਦ ਏਜੰਸੀ ਵੇਅਰ ਹਾਊਸ ਵੱਲੋਂ ਖਰੀਦੀ ਕਰੋੜਾਂ ਦੀ ਕਣਕ ਦਾ ਇਕ ਧੇਲਾ ਵੀ ਆੜ੍ਹਤੀਆਂ ਦੇ ਖਾਤਿਆਂ 'ਚ ਨਹੀਂ ਪੁੱਜਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਲੱਖੇਵਾਲ ਦੇ ਬਲਾਕ ਪ੍ਰਧਾਨ ਅਮਰਜੀਤ ਸਿੰਘ ਸੋਹੀ ਨੇ ਦੱਸਿਆ ਕਿ ਕਈ ਅਧਿਕਾਰੀ ਸਰਕਾਰ ਨੂੰ ਬਦਨਾਮ ਕਰਨ ਲਈ ਆਨੇ-ਬਹਾਨੇ ਕਣਕ ਦੀ ਅਦਾਇਗੀ ਕਰਨ 'ਚ ਕਾਫੀ ਦੇਰੀ ਕਰ ਦਿੰਦੇ ਹਨ। ਇਕ ਆੜ੍ਹਤੀ ਨੇ ਦੱਸਿਆ ਕਿ ਸਾਡੇ ਵੱਲੋਂ ਸਰਕਾਰੀ ਵੇਅਰ ਹਾਊਸ ਏਜੰਸੀ ਨੂੰ ਸਾਰੇ ਬਿੱਲ ਆਦਿ ਨਾਲ ਦੀ ਨਾਲ ਦਿੱਤੇ ਜਾ ਚੁੱਕੇ ਹਨ ਪ੍ਰੰਤੂ ਵੇਅਰ ਹਾਊਸ ਵਾਲੇ ਰੋਜ਼ ਨਵਾਂ ਬਹਾਨਾ ਬਣਾ ਕੇ ਕਣਕ ਦੀ ਅਦਾਇਗੀ ਨੂੰ ਲੇਟ ਕਰ ਰਹੇ ਹਨ। ਇਸ ਸਬੰਧ 'ਚ ਜਦੋਂ ਵੇਅਰ ਹਾਊਸ ਦੇ ਡੀ. ਐਮ. ਰੋਪੜ ਸੁਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਥੋੜ੍ਹਾ ਸਮਾਂ ਤਾਂ ਲੱਗ ਹੀ ਜਾਂਦਾ ਹੈ ਤੇ ਆੜ੍ਹਤੀ ਇੰਸਪੈਕਟਰਾਂ ਨੂੰ ਮਿਲ ਕੇ ਆਪਣੇ ਬਿੱਲ ਕੱਢਵਾ ਲੈਣ। ਵੈਸੇ ਵੀ ਅਦਾਇਗੀ ਨੂੰ ਘੱਟੋ-ਘੱਟ 72 ਘੰਟੇ ਤਾਂ ਲੱਗਦੇ ਹੀ ਹਨ।

ਵਿਸ਼ਵ ਹਿੰਦੂ ਪਰਿਸ਼ਦ ਨੂੰ ਨਰਿੰਦਰ ਮੋਦੀ 'ਤੇ ਆਤਮਘਾਤੀ ਹਮਲੇ ਦਾ ਡਰ, ਰਾਸ਼ਟਰਪਤੀ ਨੂੰ ਲਿਖਿਆ ਖ਼ਤ

ਨਵੀਂ ਦਿੱਲੀ, 29 ਅਪ੍ਰੈਲ (ਏਜੰਸੀ) - ਵੀਐਚਪੀ ਯਾਨੀ ਵਿਸ਼ਵ ਹਿੰਦੂ ਪਰਿਸ਼ਦ ਨੇ ਭਾਜਪਾ ਦੇ ਪ੍ਰਧਾਨ ਮੰਤਰੀ ਅਹੁੱਦੇ ਦੇ ਉਮੀਦਵਾਰ ਨਰਿੰਦਰ ਮੋਦੀ ਦੀ ਹੋਰ ਸੁਰੱਖਿਆ ਲਈ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਦਰਵਾਜਾ ਖੜਕਾਇਆ ਹੈ। ਵੀਐਚਪੀ ਨੇ ਮੋਦੀ 'ਤੇ ਫਿਦਾਈਨ ਹਮਲੇ ਦੀ ਅਸ਼ੰਕਾ ਪ੍ਰਗਟਾਈ ਹੈ। ਵੀਐਚਪੀ ਦੇ ਪ੍ਰਧਾਨ ਅਸ਼ੋਕ ਸਿੰਘਲ ਨੇ ਇਸ ਗੱਲ ਦੀ ਅਸ਼ੰਕਾ ਪ੍ਰਗਟਾਈ ਹੈ ਕਿ ਜਿਸ ਤਰ੍ਹਾਂ ਲਿੱਟੇ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਆਤਮਘਾਤੀ ਹਮਲਾਵਰ ਦੇ ਜਰੀਏ ਹੱਤਿਆ ਕੀਤੀ ਸੀ ਠੀਕ ਉਸੇ ਤਰ੍ਹਾਂ ਮੋਦੀ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਰਾਸ਼ਟਰਪਤੀ ਮੁਖਰਜੀ ਨੂੰ ਸੋਮਵਾਰ ਨੂੰ ਲਿਖੇ ਪੱਤਰ 'ਚ ਸਿੰਘਲ ਨੇ ਉਨ੍ਹਾਂ ਨੂੰ ਨਰਿੰਦਰ ਮੋਦੀ ਲਈ ਹੋਰ ਸੁਰੱਖਿਆ ਦੀ ਮੰਗ ਕੀਤੀ ਹੈ। ਪੱਤਰ 'ਚ ਉਨ੍ਹਾਂ ਨੇ ਲਿਖਿਆ ਹੈ ਕਿ ਦੇਸ਼ ਤੇ ਖਾਸਕਰ ਮੋਦੀ ਦੇ ਸਮਰਥਕ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਉਨ੍ਹਾਂ 'ਤੇ ਜਾਨਲੇਵਾ ਹਮਲਾ ਹੋ ਸਕਦਾ ਹੈ। ਸਿੰਘਲ ਨੇ ਲਿਖਿਆ ਹੈ ਕਿ ਇੰਟੈਲੀਜੈਂਸ ਬਿਊਰੋ ਨੇ ਵੀ ਅਲਰਟ ਜਾਰੀ ਕਰ ਕੇ ਕਿਹਾ ਹੈ ਕਿ ਆਤਮਘਾਤੀ ਹਮਲਾਵਰ ਮੋਦੀ ਨੂੰ ਨਿਸ਼ਾਨਾ ਬਣਾ ਸਕਦੇ ਹਨ। ਇਸ ਅਲਰਟ ਦੇ ਮੁਤਾਬਕ ਜਿਸ ਤਰ੍ਹਾਂ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਠੀਕ ਉਸੇ ਤਰ੍ਹਾਂ ਮੋਦੀ 'ਤੇ ਵੀ ਹਮਲਾ ਹੋ ਸਕਦਾ ਹੈ। ਗੌਰਤਲਬ ਹੈ ਕਿ ਪਿਛਲੇ ਕੁੱਝ ਸਾਲਾਂ ਤੋਂ ਮੋਦੀ ਅੱਤਵਾਦੀ ਸੰਗਠਨਾਂ ਦੇ ਨਿਸ਼ਾਨੇ 'ਤੇ ਹਨ।

ਖੁਦ ਨੂੰ ਅੱਗ ਲਾ ਕੇ ਬਸਪਾ ਨੇਤਾ ਨਾਲ ਜਾ ਲਿਪਟਿਆ ਨੌਜਵਾਨ

 
ਲਖਨਊ, 29 ਅਪ੍ਰੈਲ (ਏਜੰਸੀ) - ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਜ਼ਿਲ੍ਹੇ 'ਚ ਇਕ ਚੈਨਲ ਵਲੋਂ ਜਾਰੀ ਚੋਣ ਸਬੰਧੀ ਚਰਚਾ ਦੌਰਾਨ ਇਕ ਨੌਜਵਾਨ ਖੁਦ ਨੂੰ ਅੱਗ ਲਾ ਕੇ ਬਹੁਜਨ ਸਮਾਜ ਪਾਰਟੀ ਦੇ ਨੇਤਾ ਨਾਲ ਜਾ ਲਿਪਟਿਆ ਜਿਸ ਕਾਰਨ ਦੋਵੇਂ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਦੋਵਾਂ ਦਾ ਲਖਨਊ ਦੇ ਟ੍ਰੋਮਾ ਕੇਂਦਰ 'ਚ ਇਲਾਜ ਚੱਲ ਰਿਹਾ ਹੈ। ਘਟਨਾ ਸੋਮਵਾਰ ਦੇਰ ਸ਼ਾਮ ਸੁਲਤਾਨਪੁਰ ਦੇ ਤਿਕੋਨਿਆ ਪਾਰਕ 'ਚ ਉਦੋਂ ਵਾਪਰੀ ਜਦੋਂ ਦੂਰਦਰਸ਼ਨ ਦੇ ਚੋਣ ਸਬੰਧੀ ਪ੍ਰੋਗਰਾਮ 'ਜਨਮਤ 2014' ਦਾ ਸਿੱਧਾ ਪ੍ਰਸਾਰਣ ਚੱਲ ਰਿਹਾ ਸੀ। ਅਚਾਨਕ ਭੀੜ 'ਚੋਂ ਇਕ ਨੌਜਵਾਨ ਅੱਗੇ ਆਇਆ ਤੇ ਖੁਦ ਨੂੰ ਅੱਗ ਲਾ ਕੇ ਪਲਕ ਝਪਕਦਿਆਂ ਹੀ ਮੰਚ 'ਤੇ ਬਸਪਾ ਨੇਤਾ ਕਮਰੂਜੱਮਾ ਫੌਜੀ ਨਾਲ ਲਿਪਟ ਗਿਆ। ਮੰਚ 'ਤੇ ਮੌਜੂਦ ਦੂਜੇ ਦਲਾਂ ਦੇ ਨੇਤਾਵਾਂ ਤੇ ਹੋਰ ਲੋਕਾਂ ਨੇ ਜਦੋਂ ਦੋਵਾਂ ਨੂੰ ਅਲੱਗ ਕੀਤਾ ਉਦੋਂ ਤੱਕ ਬਸਪਾ ਨੇਤਾ 75 ਫੀਸਦੀ ਤੇ ਨੌਜਵਾਨ 95 ਫੀਸਦੀ ਸੜ ਚੁੱਕਾ ਸੀ। ਨੌਜਵਾਨ ਦੀ ਪਛਾਣ ਦੁਰਗੇਸ਼ ਕੁਮਾਰ ਸਿੰਘ ਨਿਵਾਸੀ ਜ਼ਿਲ੍ਹਾ ਮਊ ਦੇ ਰੂਪ 'ਚ ਹੋਈ ਹੈ ਜੋਕਿ ਸ਼ਹਿਰ ਦੇ ਰਾਜ ਹੋਟਲ 'ਚ ਠਹਿਰਿਆ ਹੋਇਆ ਸੀ। ਡਾਕਟਰਾਂ ਅਨੁਸਾਰ ਦੋਵਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਦੋਵਾਂ ਨੂੰ ਬਚਾਉਂਦਿਆਂ ਹੋਇਆਂ ਕਾਂਗਰਸ ਦੇ ਨੇਤਾ ਰਾਮ ਕੁਮਾਰ ਸਿੰਘ ਤੇ ਕਿਸਾਨ ਨੇਤਾ ਹਿਰਦੈ ਰਾਕ ਵਰਮਾ ਵੀ ਮਾਮੂਲੀ ਸੜ ਗਏ। ਹਾਲੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਨੌਜਵਾਨ ਨੇ ਅਜਿਹਾ ਕਿਉਂ ਕੀਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਲੋਕਸਭਾ ਚੋਣ: 9 ਰਾਜਾਂ ਦੀਆਂ 89 ਸੀਟਾਂ 'ਤੇ ਵੋਟਿੰਗ ਕੱਲ੍ਹ

Campaigning ends for 13 seats in Punjab 
ਨਵੀਂ ਦਿੱਲੀ, 29 ਅਪ੍ਰੈਲ (ਏਜੰਸੀ) - ਲੋਕਸਭਾ ਚੋਣਾਂ ਦੇ ਸੱਤਵੇਂ ਪੜਾਅ 'ਚ ਸੱਤ ਰਾਜਾਂ - ਆਂਧਰਾ ਪ੍ਰਦੇਸ਼, ਬਿਹਾਰ, ਗੁਜਰਾਤ, ਜੰਮੂ ਤੇ ਕਸ਼ਮੀਰ, ਪੰਜਾਬ, ਉੱਤਰ ਪ੍ਰਦੇਸ਼ ਤੇ ਪੱਛਮੀਂ ਬੰਗਾਲ ਤੇ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਦਾਦਰਾ ਤੇ ਨਾਗਰ ਹਵੇਲੀ ਤੇ ਦਮਨ ਤੇ ਦੀਵ ਦੇ ਸੰਸਦੀ ਖੇਤਰਾਂ 'ਚ ਬੁੱਧਵਾਰ ਨੂੰ ਮਤਦਾਨ ਹੋਵੇਗਾ। ਇਸਦੇ ਲਈ ਸੋਮਵਾਰ ਸ਼ਾਮ ਨੂੰ ਚੋਣ ਪ੍ਰਚਾਰ ਰੁੱਕ ਗਿਆ। ਇਸ ਪੜਾਅ 'ਚ ਉਤਰ ਪ੍ਰਦੇਸ਼ ਦੀਆਂ 14 ਲੋਕਸਭਾ ਸੀਟਾਂ ਤੋਂ ਇਲਾਵਾ, ਬਿਹਾਰ ਦੀਆਂ ਸੱਤ, ਗੁਜਰਾਤ ਦੀਆਂ ਸਾਰੀਆਂ 26, ਪੰਜਾਬ ਦੀਆਂ ਸਾਰੀਆਂ 13, ਪੱਛਮੀ ਬੰਗਾਲ ਦੀਆਂ 9, ਆਂਧਰਾ ਪ੍ਰਦੇਸ਼ ਦੀਆਂ 17, ਜੰਮੂ ਤੇ ਕਸ਼ਮੀਰ, ਦਾਦਰਾ ਤੇ ਨਾਗਰ ਹਵੇਲੀ ਤੇ ਦਮਨ ਤੇ ਦੀਵ ਦੀ ਇੱਕ - ਇੱਕ ਸੀਟ 'ਤੇ ਮਤਦਾਨ ਹੋਵੇਗਾ। ਗੁਜਰਾਤ ਤੇ ਪੰਜਾਬ ਦੀਆਂ ਸਾਰੀਆਂ ਸੀਟਾਂ 'ਤੇ ਇੱਕ ਪੜਾਅ 'ਚ ਮਤਦਾਨ ਹੋਵੇਗਾ। ਇਸ ਪੜਾਅ 'ਚ ਕੁੱਲ 89 ਲੋਕਸਭਾ ਸੀਟਾਂ 'ਤੇ 13. 90 ਕਰੋੜ ਮਤਦਾਤਾ 1, 200 ਤੋਂ ਜ਼ਿਆਦਾ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨ ਲਈ 1, 52, 673 ਮਤਦਾਨ ਕੇਂਦਰਾਂ 'ਤੇ ਮਤਦਾਨ ਕਰਨਗੇ।

ਅਮਰੀਕੀ ਅਦਾਲਤ ਵਲੋਂ ਕਾਂਗਰਸ ਖਿਲਾਫ 1984 ਦੇ ਸਿੱਖ ਵਿਰੋਧੀ ਦੰਗਿਆਂ ਦਾ ਮਾਮਲਾ ਖਾਰਜ

US court dismisses 1984 riots case against Congress 
ਨਿਊਯਾਰਕ, 29 ਅਪ੍ਰੈਲ (ਏਜੰਸੀ) - ਇਕ ਅਮਰੀਕੀ ਅਦਾਲਤ ਨੇ ਇਕ ਸਿੱਖ ਸੰਗਠਨ ਵਲੋਂ ਕਾਂਗਰਸ ਪਾਰਟੀ ਖਿਲਾਫ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ 'ਚ ਮਾਨਵੀ ਹੱਕਾਂ ਦੀ ਉਲੰਘਣਾਂ ਦਾ ਕੇਸ ਖਾਰਜ ਕਰ ਦਿੱਤਾ ਹੈ ਤੇ ਕਿਹਾ ਕਿ ਇਸ ਸੰਗਠਨ ਨੂੰ ਕਾਨੂੰਨੀ ਤੌਰ 'ਤੇ ਇਸ ਤਰ੍ਹਾਂ ਦਾ ਮਾਮਲਾ ਦਾਇਰ ਕਰਨ ਦਾ ਹੱਕ ਨਹੀਂ ਤੇ ਸਬੰਧਤ ਘਟਨਾਵਾਂ ਦਾ ਅਮਰੀਕਾ ਨਾਲ ਕੋਈ ਸਬੰਧ ਨਹੀਂ, ਇਸ ਲਈ ਅਮਰੀਕੀ ਅਦਾਲਤ ਮਾਮਲੇ ਦੀ ਸੁਣਵਾਈ ਨਹੀਂ ਕਰੇਗੀ। ਜਸਟਿਸ ਰਾਬਰਟ ਸਵੀਟ ਨੇ ਸਿੱਖਸ ਫਾਰ ਜਸਟਿਸ ਵਲੋਂ 1984 ਦੇ ਸਿੱਖ ਵਿਰੋਧੀ ਦੰਗਿਆਂ ਲਈ ਦਾਇਰ ਪਟੀਸ਼ਨ ਨੂੰ ਖਾਰਜ ਕਰਨ ਲਈ ਕਾਂਗਰਸ ਪਾਰਟੀ ਦਾ ਪੱਖ ਸਵੀਕਾਰ ਕਰ ਲਿਆ ਹੈ। ਕਲ੍ਹ ਮਾਨਯੋਗ ਜੱਜ ਸਵੀਟ ਨੇ ਆਪਣੇ ਹੁਕਮ 'ਚ ਕਿਹਾ ਕਿ ਮਾਮਲੇ 'ਚ ਸੋਧ ਦੀ ਹੋਰ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਤੇ ਮਾਮਲੇ ਨੂੰ ਖਾਰਜ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਿੱਖ ਫਾਰ ਜਸਟਿਸ ਢੁਕਵੇਂ ਤਰੀਕੇ ਨਾਲ ਇਹ ਦਿਖਾਉਣ 'ਚ ਨਾਕਾਮ ਰਿਹਾ ਕਿ ਇਹ ਮਾਮਲਾ ਅਮਰੀਕਾ ਨਾਲ ਕਿਵੇਂ ਜੁੜਦਾ ਹੈ ਤੇ ਇਸ ਦਾ ਅਮਰੀਕਾ ਨਾਲ ਕੀ ਸਬੰਧ ਹੈ। ਉਧਰ ਸਿੱਖਸ ਫਾਰ ਜਸਟਿਸ ਦਾ ਕਹਿਣਾ ਕਿ ਉਹ ਇਸ ਆਧਾਰ 'ਤੇ ਫ਼ੈਸਲੇ ਨੂੰ ਚੁਣੌਤੀ ਦੇਵੇਗਾ ਕਿ ਮਾਮਲਾ ਉਚਿੱਤ ਤੌਰ 'ਤੇ ਅਮਰੀਕਾ ਨਾਲ ਜੁੜਿਆ ਹੋਇਆ ਹੈ। ਸਿੱਖ ਸੰਗਠਨ ਕੋਲ 23 ਮਈ ਤਕ ਅਪੀਲ ਕਰਨ ਦਾ ਸਮਾਂ ਹੈ।

ਅਮਰੀਕਾ 'ਚ ਤੂਫਾਨ ਨਾਲ ਤਬਾਹੀ, ਹੁਣ ਤੱਕ 21 ਲੋਕ ਮਰੇ

ਪੇਲੋ, 29 ਅਪ੍ਰੈਲ (ਏਜੰਸੀ) - ਅਮਰੀਕਾ 'ਚ ਆਏ ਤੂਫਾਨ ਨੇ ਅਰਕਨਸਾਸ ਤੇ ਓਕਲਾਹੋਮਾ ਪ੍ਰਾਂਤ ਤੋਂ ਬਾਅਦ ਦੱਖਣੀ ਪ੍ਰਾਂਤ ਮਿਸੀਸਿਪੀ ਨੂੰ ਵੀ ਆਪਣੀ ਚਪੇਟ 'ਚ ਲੈ ਲਿਆ ਹੈ। ਮਿਸੀਸਿਪੀ ਦੇ ਟੁਪੇਲੋ ਸ਼ਹਿਰ 'ਚ ਤੂਫਾਨ ਨੇ ਭਿਆਨਕ ਤਬਾਹੀ ਮਚਾਈ ਹੈ। ਹੁਣ ਤੱਕ ਮਿਲੀਆਂ ਖ਼ਬਰਾਂ ਦੇ ਅਨੁਸਾਰ ਤੂਫਾਨ ਨਾਲ ਘੱਟ ਤੋਂ ਘੱਟ 21 ਲੋਕ ਮਾਰੇ ਗਏ ਹਨ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਟੁਪੇਲੋ 'ਚ ਤੂਫਾਨ ਦੇ ਕਾਰਨ ਕਈ ਘਰ ਤਬਾਹ ਹੋ ਗਏ ਤੇ ਇੱਕ ਵਿਅਕਤੀ ਦੀ ਮੌਤ ਹੋ ਗਈ। ਇੱਥੇ ਆਏ ਤੂਫਾਨ ਨਾਲ ਜਾਨਮਾਲ ਦਾ ਭਾਰੀ ਨੁਕਸਾਨ ਹੋਇਆ ਹੈ। ਟੁਪੇਲੋ ਦੇ ਮੇਅਰ ਜੈਸਨ ਸ਼ੇਲਟਨ ਨੇ ਦੱਸਿਆ ਕਿ ਤੂਫਾਨ ਦੇ ਕਾਰਨ ਹਾਲਤ ਕਾਫੀ ਗੰਭੀਰ ਹੋ ਗਈ ਹੈ। ਲੋਕਾਂ ਨੂੰ ਫਿਲਹਾਲ ਘਰਾਂ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ। ਸਥਾਨਕ ਪੁਲਿਸ ਘਰ - ਘਰ ਜਾ ਕੇ ਨੁਕਸਾਨੇ ਗਏ ਮਕਾਨਾਂ ਤੋਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ 'ਚ ਲੱਗੀ ਹੈ। ਜਿਨ੍ਹਾਂ ਲੋਕਾਂ ਦੇ ਘਰ ਤਬਾਹ ਹੋ ਗਏ ਹਨ ਉਨ੍ਹਾਂ ਨੂੰ ਰੈਡ ਕਰਾਸ ਦੇ ਕੈਂਪ 'ਚ ਲਿਜਾਇਆ ਗਿਆ ਹੈ।

ਥਾਣਾ ਮੋਰਿੰਡਾ 'ਚ ਪੈਂਦੇ 20 ਬੂਥ ਸੰਵੇਦਨਸ਼ੀਲ

ਮੋਰਿੰਡਾ, 29 ਅਪ੍ਰੈਲ (ਕੰਗ) - ਮਿਤੀ 30 ਅਪ੍ਰੈਲ ਨੂੰ ਪੈਣ ਵਾਲੀਆਂ ਲੋਕ ਸਭਾ ਦੀਆਂ ਵੋਟਾਂ ਸਬੰਧੀ ਪ੍ਰਸ਼ਾਸਨ ਵੱਲੋਂ ਵੱਡੇ ਪੱਧਰ 'ਤੇ ਸੁਰੱਖਿਆ ਪ੍ਰਬੰਧ ਮੋਰਿੰਡਾ ਇਲਾਕੇ 'ਚ ਮੁਕੰਮਲ ਕਰ ਲਏ ਹਨ। ਥਾਣਾ ਮੋਰਿੰਡਾ ਅਧੀਨ ਪੈਂਦੇ ਪਿੰਡਾਂ ਤੇ ਸ਼ਹਿਰ ਨੂੰ ਮਿਲਾ ਕੇ 50 ਪੋਲਿੰਗ ਬੂਥ ਬਣਾਏ ਹਨ, ਜਿਨ੍ਹਾਂ 'ਚੋਂ ਮੋਰਿੰਡਾ 'ਚ 10 ਪੋਲਿੰਗ ਬੂਥ ਬਣਾਏ ਗਏ ਹਨ। ਪੁਲਿਸ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਮੋਰਿੰਡਾ ਥਾਣੇ 'ਚ ਪੈਂਦੇ ਬੂਥਾਂ 'ਚੋਂ 20 ਬੂਥ ਸੰਵੇਦਨਸ਼ੀਲ ਐਲਾਨੇ ਗਏ ਹਨ ਜਿਨ੍ਹਾਂ 'ਚੋਂ ਕਲਾਰਾਂ, ਮਾਨਖੇੜੀ, ਸਹੇੜੀ, ਲੁਠੇੜੀ, ਕਾਈਨੌਰ ਤੇ ਵਿਸ਼ੇਸ਼ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਜ਼ਿਲ੍ਹਾ ਪੁਲਿਸ 'ਚ ਇੰਸਪੈਕਟਰ ਰੈਂਕ ਤੋਂ ਲੈ ਕੇ ਹੋਮ ਗਾਰਡ, ਲੇਡੀ ਪੁਲਿਸ ਦੇ ਕਰਮਚਾਰੀਆਂ ਤੋਂ ਇਲਾਵਾ ਆਈ. ਆਰ. ਵੀ. ਹਿਮਾਚਲ ਦੇ ਇਕ ਡੀ. ਐਸ. ਪੀ., ਇਕ ਇੰਸਪੈਕਟਰ, ਇਕ ਸਬ ਇੰਸਪੈਕਟਰ, 4 ਏ. ਐਸ. ਆਈ, 11 ਹਵਾਲਦਾਰ ਤੇ 72 ਕਾਂਸਟੇਬਲ ਤਾਇਨਾਤ ਕੀਤੇ ਗਏ ਹਨ। ਹਰੇਕ ਪੋਲਿੰਗ ਸਟੇਸ਼ਨ ਤੇ ਘੱਟੋ-ਘੱਟ ਤਿੰਨ ਸੁਰੱਖਿਆ ਕਰਮੀ ਤਾਇਨਾਤ ਰਹਿਣਗੇ।

Monday, 28 April 2014

ਯੋਗਾ ਗੁਰੂ ਬਾਬਾ ਰਾਮਦੇਵ 'ਤੇ ਹਿਮਾਚਲ 'ਚ ਵੀ ਪਾਬੰਦੀ

ਸ਼ਿਮਲਾ/ਨਾਗਪੁਰ, 28 ਅਪ੍ਰੈਲ (ਪੀ. ਟੀ. ਆਈ.)-ਉੱਤਰ ਪ੍ਰਦੇਸ਼ ਸਰਕਾਰ ਵਲੋਂ ਕੀਤੀ ਕਾਰਵਾਈ ਪਿੱਛੋਂ ਯੋਗਾ ਗੁਰੂ ਰਾਮਦੇਵ 'ਤੇ ਹਿਮਾਚਲ ਪ੍ਰਦੇਸ਼ ਵਿਚ ਯੋਗਾ ਕੈਂਪ ਲਾਉਣ 'ਤੇ ਅੱਜ ਪਾਬੰਦੀ ਲਾ ਦਿੱਤੀ ਅਤੇ ਰਾਹੁਲ ਗਾਂਧੀ ਨੂੰ ਨਿਸ਼ਾਨਾ ਬਣਾਉਣ ਲਈ ਕੀਤੀਆਂ ਟਿੱਪਣੀਆਂ ਲਈ ਮਹਾਰਾਸ਼ਟਰ ਅਤੇ ਰਾਜਸਥਾਨ ਵਿਚ ਐਸ ਸੀ/ਐਸ ਟੀ ਐਕਟ ਤਹਿਤ ਕੇਸ ਦਰਜ ਕੀਤੇ ਗਏ ਹਨ ਪਰ ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਰੋਕਾਂ ਖਿਲਾਫ ਅਦਾਲਤ ਦਾ ਦਰਵਾਜਾ ਖੜਕਾਉਣਗੇ। ਆਪਣੇ ਯੋਗਾ ਕੈਂਪਾਂ 'ਤੇ ਪਾਬੰਦੀ ਨੂੰ ਗੈਰਲੋਕਤੰਤਰੀ ਦੱਸਦੇ ਹੋਏ ਬਾਬਾ ਰਾਮਦੇਵ ਨੇ ਦੋਸ਼ ਲਾਇਆ ਕਿ ਸਰਕਾਰ ਨੇ ਪਾਬੰਦੀਆਂ ਲਾਉਣ ਲਈ ਚੋਣ ਕਮਿਸ਼ਨ 'ਤੇ ਦਬਾਅ ਪਾਇਆ ਸੀ ਅਤੇ ਉਨ੍ਹਾਂ ਕਾਂਗਰਸ 'ਤੇ ਰਾਹੁਲ ਗਾਂਧੀ ਖਿਲਾਫ ਟਿੱਪਣੀਆਂ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦਾ ਦੋਸ਼ ਲਾਇਆ। ਮੁੱਖ ਚੋਣ ਅਧਿਕਾਰੀ ਨਰਿੰਦਰ ਚੌਹਾਨ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ 'ਤੇ ਰਾਮਦੇਵ ਨੂੰ ਹਿਮਾਚਲ ਪ੍ਰਦੇਸ਼ ਵਿਚ ਯੋਗਾ ਕੈਂਪ ਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਚੋਣ ਕਮਿਸ਼ਨ ਨੇ ਰਾਜਾਂ ਨੂੰ ਇਹ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਸੀ ਕਿ ਕਿ ਯੋਗਾ ਕੈਪਂ ਵਰਗੇ ਗੈਰ ਸਿਆਾਸੀ ਪ੍ਰੋਗਰਾਮਾਂ ਰਾਹੀਂ ਕਿਸੇ ਨੂੰ ਸਿਆਸੀ ਸਰਗਰਮੀ ਨਾ ਕਰਨ ਦਿੱਤੀ ਜਾਵੇ। ਸ੍ਰੀ ਚੌਹਾਨ ਨੇ ਸ਼ਿਮਲਾ 'ਚ ਦੱਸਿਆ ਕਿ ਅਸੀਂ ਪਾਲਣਾ ਲਈ ਜਿਲ੍ਹ ਪ੍ਰਸ਼ਾਸਨਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਬਾਬਾ ਰਾਮਦੇਵ ਦੀ ਕਾਂਗੜਾ, ਚੰਬਾ ਅਤੇ ਰੇਹਾਨ ਵਿਖੇ ਯੋਗਾ ਕੈਂਪ ਲਾਉਣ ਦੀ ਬੇਨਤੀ ਨੂੰ ਸਵੀਕਾਰ ਨਹੀਂ ਕੀਤਾ ਗਿਆ। ਬਾਬਾ ਰਾਮਦੇਵ ਜਿਹੜੇ ਅੱਜ ਕਾਂਗੜਾ ਪੁੱਜੇ ਨੇ ਦੋਸ਼ ਲਾਇਆ ਕਿ ਸਰਕਾਰ ਉਨ੍ਹਾਂ ਦੇ ਯੋਗਾ ਕੈਂਪਾਂ ਨੂੰ ਗੈਰਲੋਕਤੰਤਰੀ ਤਰੀਕੇ ਨਾਲ ਰੋਕ ਰਹੀ ਹੈ ਜਿਹੜੇ ਗੈਰਸਿਆਸੀ ਹਨ। ਉਨ੍ਹਾਂ ਕਿਹਾ ਕਿ ਅਸੀਂ ਚੋਣ ਕਮਿਸ਼ਨ ਦੇ ਹੁਕਮਾਂ ਨੂੰ ਅਦਾਲਤ 'ਚ ਚੁਣੌਤੀ ਦੇਵਾਂਗੇ। ਸਾਨੂੰ ਇਸ ਤਰ੍ਹਾਂ ਦੇ ਮਾਮਲਿਆਂ ਵਿਚ ਗੁਜਰਾਤ ਤੇ ਕਰਨਾਟਕ ਸਰਕਾਰਾਂ ਤੋਂ ਰਾਹਤ ਮਿਲੀ ਹੈ ਅਤੇ ਹਿਮਾਚਲ ਵਿਚ ਵੀ ਇਸੇ ਤਰ੍ਹਾਂ ਦੀ ਰਾਹਤ ਦੀ ਆਸ ਕਰਦੇ ਹਾਂ। ਉੱਤਰ ਪ੍ਰਦੇਸ਼ ਵਿਚ ਬਾਬਾ ਰਾਮਦੇਵ ਖਿਲਾਫ ਉਨ੍ਹਾਂ ਦੀਆਂ ਟਿੱਪਣੀਆਂ ਨੂੰ ਲੈ ਕੇ ਸਨਿਚਰਵਾਰ ਉਨ੍ਹਾਂ ਖਿਲਾਫ ਲਖਨਊ ਅਤੇ ਸੋਨਭੱਦਰ ਵਿਚ ਕੇਸ ਦਰਜ ਕੀਤੇ ਗਏ ਸਨ। ਦੋ ਹੋਰ ਐਫ. ਆਈ. ਆਰਜ਼ ਨਾਗਪੁਰ ਅਤੇ ਜੈਪੁਰ ਵਿਚ ਅਨੁਸੂਚਿਤ ਜਾਤੀ ਅਤੇ ਸੂਚੀਦਰਜ ਕਬੀਲਿਆਂ 'ਤੇ ਅੱਤਿਆਚਾਰ ਐਕਟ ਤਹਿਤ ਦਰਜ ਕੀਤੀਆਂ ਗਈਆਂ ਹਨ।

ਗੁਜਰਾਤ 'ਚ ਮੋਦੀ ਸਰਕਾਰ ਨੇ ਹਜ਼ਾਰਾਂ ਸਿੱਖ ਕਿਸਾਨਾਂ ਨੂੰ ਉਜਾੜਿਆ-ਰਾਹੁਲ

ਬਠਿੰਡਾ, 28 ਅਪ੍ਰੈਲ-ਕੁੱਲ ਹਿੰਦ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨੇ ਅੱਜ ਬਠਿੰਡਾ ਅਤੇ ਫਰੀਦਕੋਟ ਵਿਚ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ। ਬਠਿੰਡਾ ਲੋਕ ਸਭਾ ਹਲਕੇ ਤੋਂ ਕਾਂਗਰਸ ਅਤੇ ਪੀਪਲਜ਼ ਪਾਰਟੀ ਆਫ ਪੰਜਾਬ ਦੇ ਸਾਂਝੇ ਉਮੀਦਵਾਰ ਸ: ਮਨਪ੍ਰੀਤ ਸਿੰਘ ਬਾਦਲ ਦੇ ਹੱਕ 'ਚ ਕਰਵਾਈ ਇਕ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਜਿੱਥੇ ਗੁਜਰਾਤ ਦੇ ਸਿੱਖ ਕਿਸਾਨਾਂ ਦੇ ਮਾਮਲੇ 'ਤੇ ਭਾਜਪਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈੇ ਉਮੀਦਵਾਰ ਸ੍ਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਿਆ ਉਥੇ ਉਨ੍ਹਾਂ ਨਸ਼ਿਆਂ ਦੇ ਮਾਮਲੇ 'ਚ ਰਾਜ ਦੀ ਅਕਾਲੀ-ਭਾਜਪਾ ਸਰਕਾਰ ਨੂੰ ਵੀ ਲੰਮੇ ਹੱਥੀਂ ਲਿਆ। ਗੁਜਰਾਤ 'ਚ ਸਿੱਖ ਕਿਸਾਨਾਂ ਦੇ ਉਜਾੜੇ ਲਈ ਇਕ ਵਾਰ ਫਿਰ ਉਥੋਂ ਦੀ ਨਰਿੰਦਰ ਮੋਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਉਨ੍ਹਾਂ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ ਸੂਬੇ ਦੀ ਸੱਤਾਧਾਰੀ ਧਿਰ ਸ਼੍ਰੋਮਣੀ ਅਕਾਲੀ ਦਲ ਦੀ ਉਸ ਪਾਰਟੀ ਨਾਲ ਭਾਈਵਾਲੀ ਹੈ, ਜਿਸ ਨੇ ਗੁਜਰਾਤ 'ਚ ਹਜ਼ਾਰਾਂ ਸਿੱਖ ਕਿਸਾਨ ਪਰਿਵਾਰਾਂ ਨੂੰ ਸੜਕ 'ਤੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗੁਜਰਾਤ 'ਚ ਉਜਾੜੇ ਗਏ ਸਿੱਖ ਕਿਸਾਨਾਂ ਨੂੰ ਉਨ੍ਹਾਂ ਨੇ ਆਪਣੇ ਅੱਖੀਂ ਰੋਂਦਿਆਂ ਦੇਖਿਆ ਹੈ, ਜੋ ਉਨ੍ਹਾਂ ਨੂੰ ਉਚੇਚੇ ਤੌਰ 'ਤੇ ਮਿਲਣ ਦਿੱਲੀ ਆਏ ਸਨ। ਇਸ ਦੇ ਨਾਲ ਹੀ ਉਨ੍ਹਾਂ ਭਾਜਪਾ 'ਤੇ ਨਫਰਤ ਦੀ ਰਾਜਨੀਤੀ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਕਾਂਗਰਸ ਜਿੱਥੇ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਦੀ ਹੈ, ਉਥੇ ਭਾਜਪਾ ਲੋਕਾਂ 'ਚ ਵੰਡੀਆਂ ਪਾਉਣ ਨੂੰ ਤਰਜੀਹ ਦਿੰਦੀ ਹੈ। ਸ੍ਰੀ ਰਾਹੁਲ ਗਾਂਧੀ ਨੇ ਪੰਜਾਬ 'ਚ ਨਸ਼ਿਆਂ ਦੀ ਗੱਲ ਕਰਦਿਆਂ ਦ੍ਰਿੜ ਵਿਸ਼ਵਾਸ਼ ਨਾਲ ਕਿਹਾ ਕਿ ਕਾਂਗਰਸ ਸਰਕਾਰ ਆਉਣ 'ਤੇ ਪੰਜਾਬ ਵਿਚੋਂ ਨਸ਼ਾ ਅਸੀਂ ਖਤਮ ਕਰਕੇ ਦਿਖਾਵਾਂਗੇ ਤੇ ਅਕਾਲੀ-ਭਾਜਪਾ ਸਰਕਾਰ ਵਾਂਗ ਇਸ ਦੀ ਜਿੰਮੇਵਾਰੀ ਕਿਸੇ ਹੋਰ 'ਤੇ ਨਹੀਂ ਪਾਵਾਂਗੇ। ਇਸ ਮੌਕੇ ਉਨ੍ਹਾਂ ਕਾਂਗਰਸ ਵਲੋਂ ਦੇਸ਼ ਦੇ 70 ਕਰੋੜ ਗਰੀਬ ਲੋਕਾਂ ਨੂੰ ਮੱਧ ਮਰਗ 'ਚ ਸ਼ਾਮਿਲ ਕਰਨ ਤੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦਾ ਵਾਅਦਾ ਕਰਦਿਆਂ ਕਿਹਾ ਕਿ ਮੁੜ ਕਾਂਗਰਸ ਸਰਕਾਰ ਆਉਣ 'ਤੇ ਗਰੀਬਾਂ ਨੂੰ ਮੁਫਤ ਇਲਾਜ ਤੇ ਆਵਾਸ ਤੋਂ ਇਲਾਵਾ ਪੈਨਸ਼ਨ ਵੀ ਯਕੀਨੀ ਬਣਾਈ ਜਾਵੇਗੀ। ਇਸ ਮੌਕੇ ਰੈਲੀ ਨੂੰ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਮੰਤਰੀ ਤੇ ਚੋਣ ਪ੍ਰਚਾਰ ਕਮੇਟੀ ਦੀ ਚੇਅਰਪਰਸਨ ਬੀਬੀ ਰਜਿੰਦਰ ਕੌਰ ਭੱਠਲ ਤੇ ਪਾਰਟੀ ਉਮੀਦਵਾਰ ਸ. ਮਨਪ੍ਰੀਤ ਸਿੰਘ ਬਾਦਲ ਨੇ ਵੀ ਸੰਬੋਧਨ ਕੀਤਾ। ਪੰਜਾਬ ਕਾਂਗਰਸ ਦੇ ਇੰਚਾਰਜ ਸ੍ਰੀ ਸ਼ਕੀਲ ਅਹਿਮਦ ਨੇ ਪੰਜਾਬ ਕਾਂਗਰਸ ਦੀ ਤਰਫੋਂ ਉਨ੍ਹਾਂ ਦਾ ਰਸਮੀ ਤੌਰ 'ਤੇ ਧੰਨਵਾਦ ਕੀਤਾ। ਇਸ ਮੌਕੇ ਗੁਰਪ੍ਰੀਤ ਸਿੰਘ ਭੱਟੀ ਵੀ ਸਟੇਜ 'ਤੇ ਮੌਜੂਦ ਸਨ।

ਪ੍ਰਧਾਨ ਮੰਤਰੀ ਦਫ਼ਤਰ 'ਚ ਮਾਮੂਲੀ ਅੱਗ

 
ਨਵੀਂ ਦਿੱਲੀ, 29 ਅਪ੍ਰੈਲ (ਏਜੰਸੀ) - ਸਾਊਥ ਬਲਾਕ ਸਥਿਤ ਪ੍ਰਧਾਨ ਮੰਤਰੀ ਦਫ਼ਤਰ ਦੀ ਇਮਾਰਤ 'ਚ ਮੰਗਲਵਾਰ ਨੂੰ ਮਾਮੂਲੀ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਕੁੱਝ ਹੀ ਮਿੰਟਾਂ 'ਚ ਅੱਗ 'ਤੇ ਕਾਬੂ ਪਾ ਲਿਆ ਗਿਆ। ਪ੍ਰਧਾਨ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਇੱਕ ਕੰਪਿਊਟਰ ਦੇ ਯੂਪੀਐਸ 'ਚ ਸ਼ਾਰਟ ਸਰਕਟ ਹੋਣ ਨਾਲ ਧੂਆਂ ਨਿਕਲਦਾ ਦਿਖਾਈ ਦਿੱਤਾ। ਇਸਤੋਂ ਬਾਅਦ ਫਾਇਰ ਬ੍ਰਿਗੇਡ ਵੱਲੋਂ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾ ਲਿਆ ਗਿਆ। ਬੁਲਾਰੇ ਦੇ ਅਨੁਸਾਰ, ਅੱਗ ਨਾਲ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

ਵਾਡਰਾ ਦੇ ਬਚਾਅ 'ਚ ਉਤਰੇ ਦਿਗਵਿਜੈ ਸਿੰਘ

ਨਵੀਂ ਦਿੱਲੀ, 29 ਅਪ੍ਰੈਲ (ਏਜੰਸੀ) - ਭਾਜਪਾ ਵਲੋਂ ਪ੍ਰਿਅੰਕਾ ਗਾਂਧੀ ਦੇ ਪਤੀ ਰਾਬਰਟ ਵਾਡਰਾ 'ਤੇ ਲਗਾਤਾਰ ਹਮਲੇ ਦਾ ਕਾਂਗਰਸ ਨੇ ਬਚਾਅ ਕਰਨਾ ਸ਼ੁਰੂ ਕਰ ਦਿੱਤਾ ਹੈ। ਕਾਂਗਰਸ ਨੇਤਾ ਦਿਗਵਿਜੈ ਸਿੰਘ ਨੇ ਵਾਡਰਾ ਦਾ ਬਚਾਅ ਕਰਦੇ ਹੋਏ ਇਕ ਲੇਖ ਜਾਰੀ ਕੀਤਾ ਹੈ। ਦਿਗਵਿਜੈ ਦਾ ਲੇਖ ਇਕ ਅੰਗਰੇਜ਼ੀ ਅਖ਼ਬਾਰ 'ਚ ਛੱਪਿਆ ਹੈ। ਲੇਖ 'ਚ ਦਿਗਵੀਜੈ ਸਿੰਘ ਨੇ ਭਾਜਪਾ 'ਤੇ ਜ਼ੋਰਦਾਰ ਹਮਲਾ ਕੀਤਾ ਹੈ। ਉਨ੍ਹਾਂ ਨੇ ਭਾਜਪਾ 'ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਜੇਕਰ ਵਾਡਰਾ ਦੋਸ਼ੀ ਹਨ ਤਾਂ ਵਸੁੰਧਰਾ ਰਾਜੇ ਕਾਰਵਾਈ ਕਿਉਂ ਨਹੀਂ ਕਰਦੀ। ਦਿਗਵਿਜੈ ਸਿੰਘ ਨੇ ਭਾਜਪਾ 'ਤੇ ਝੂਠਾ ਪ੍ਰਚਾਰ ਕਰਨ ਦਾ ਵੀ ਇਲਜ਼ਾਮ ਲਗਾਇਆ। ਉਨ੍ਹਾਂ ਨੇ ਕਿਹਾ ਕਿ ਚੋਣ 'ਚ ਵਾਡਰਾ ਦਾ ਮੁੱਦਾ ਚੁੱਕ ਕੇ ਭਾਜਪਾ ਨੇ ਝੂਠਾ ਚੋਣ ਪ੍ਰਚਾਰ ਕੀਤਾ ਹੈ।

ਸੰਨੀ ਜੌਹਰ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ-ਪਰਿਵਾਰ

 
ਲੁਧਿਆਣਾ, 27 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਯੂਥ ਅਕਾਲੀ ਆਗੂ ਮਨਿੰਦਰਪਾਲ ਸਿੰਘ ਉਰਫ਼ ਸੰਨੀ ਜੌਹਰ ਦੀ ਪਤਨੀ ਕਮਲਜੀਤ ਕੌਰ ਜੌਹਰ ਨੇ ਕਿਹਾ ਹੈ ਕਿ ਉਸਦੇ ਪਤੀ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ, ਪਰ ਕੁੱਝ ਲੋਕ ਉਨ੍ਹਾਂ ਦੀ ਮੌਤ ਦਾ ਰਾਜਸੀ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਅਜਿਹੇ ਲੋਕਾਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਸ੍ਰੀਮਤੀ ਜੌਹਰ ਵੱਲੋਂ ਅੱਜ ਜਾਰੀ ਕੀਤੇ ਬਿਆਨ ਵਿਚ ਕਿਹਾ ਗਿਆ ਹੈ ਕਿ ਉਸਦੇ ਪਤੀ 26 ਅਪ੍ਰੈਲ ਨੂੰ ਤੜਕੇ 4 ਵਜੇ ਉਠ ਕੇ ਬਾਥਰੂਮ ਗਏ ਸਨ ਅਤੇ ਉਸ ਤੋਂ ਬਾਅਦ ਸੌਾਅ ਗਏ | ਉਨ੍ਹਾਂ ਦੱਸਿਆ ਕਿ ਸਵੇਰੇ ਸਾਢੇ 7 ਵਜੇ ਦੇ ਕਰੀਬ ਜਦੋਂ ਉਨ੍ਹਾਂ ਨੇ ਸ: ਸੰਨੀ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਉਠੇ ਨਹੀਂ, ਉਨ੍ਹਾਂ ਨੇ ਇਸਦੀ ਸੂਚਨਾ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਦਿੱਤੀ | ਉਨ੍ਹਾਂ ਨੂੰ ਨੇੜੇ ਰਘੂਨਾਥ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮਿ੍ਤਕ ਕਰਾਰ ਦੇ ਦਿੱਤਾ | ਉਧਰ ਕਾਂਗਰਸੀ ਉਮੀਦਵਾਰ ਸ: ਰਵਨੀਤ ਸਿੰਘ ਬਿੱਟੂ ਦੇ ਹਵਾਲੇ ਨਾਲ ਕੁੱਝ ਅਖ਼ਬਾਰਾਂ 'ਚ ਛਪੀ ਖ਼ਬਰ 'ਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਉਨ੍ਹਾਂ ਦੱਸਿਆ ਕਿ ਸ: ਬਿੱਟੂ ਸੰਨੀ ਦੀ ਮੌਤ ਦਾ ਰਾਜਸੀ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੇ ਹਨ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਚੋਣ ਕਮਿਸ਼ਨ ਨੂੰ ਸੂਚਿਤ ਕਰ ਦਿੱਤਾ ਗਿਆ ਹੈ |

ਦਲਿਤ ਭਾਈਚਾਰੇ ਨੇ ਬਾਬਾ ਰਾਮਦੇਵ ਦਾ ਪੁਤਲਾ ਫੂਕਿਆ

ਬਰਨਾਲਾ, 28 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਬੀਤੇ ਦਿਨੀਂ ਯੋਗ ਗੁਰੂ ਬਾਬਾ ਰਾਮਦੇਵ ਵੱਲੋਂ ਕੀਤੀ ਗਈ ਦਲਿਤ ਸਮਾਜ ਸਬੰਧੀ ਵਿਵਾਦਮਈ ਟਿੱਪਣੀ ਦੇ ਵਿਰੋਧ ਵਿਚ ਸ਼ਹਿਰ ਦੀਆਂ ਦਲਿਤ ਭਾਈਚਾਰੇ ਨਾਲ ਸੰਬੰਧਿਤ ਵੱਖ-ਵੱਖ ਸੰਸਥਾਵਾਂ ਵੱਲੋਂ ਸ਼ਹਿਰ ਵਿਚ ਰੋਸ ਮਾਰਚ ਕੱਢਣ ਉਪਰੰਤ ਸਥਾਨਕ ਬਾਲਮੀਕ ਚੌਂਕ ਬਾਬਾ ਰਾਮਦੇਵ ਦਾ ਪੁਤਲਾ ਫੂਕਿਆ ਗਿਆ। ਡਾ. ਬੀ.ਆਰ.ਅੰਬੇਦਕਰ ਯੂਥ ਕਲੱਬ ਬਰਨਾਲਾ ਦੇ ਪ੍ਰਧਾਨ ਬਲਰਾਜ ਰਾਜਾ, ਸ੍ਰੀ ਗੁਰੂ ਰਵਿਦਾਸ ਸਭਾ ਦੇ ਪ੍ਰਧਾਨ ਜਗਰਾਜ ਸਿੰਘ, ਸਮੂਹ ਬਾਲਮੀਕ ਸਮਾਜ, ਗੁਰਦੁਆਰਾ ਬਾਬਾ ਸੰਗਤ ਸਿੰਘ ਜੀ, ਗੁਰਦੁਆਰਾ ਰਵਿਦਾਸੀਆ ਸਿੰਘ ਸਭਾ ਆਦਿ ਦੇ ਨੁਮਾਇੰਦਿਆਂ ਨੇ ਕਿਹਾ ਕਿ ਬਾਬਾ ਰਾਮਦੇਵ ਦੀ ਇਸ ਟਿੱਪਣੀ ਕਾਰਨ ਦਲਿਤ ਭਾਈਚਾਰੇ ਦੇ ਮਨ ਨੂੰ ਭਾਰੀ ਠੇਸ ਪਹੁੰਚੀ ਹੈ ਅਤੇ ਭਾਈਚਾਰੇ ਕਿਸੇ ਵੀ ਸੂਰਤ ਵਿਚ ਇਹ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਅਜਿਹੀ ਟਿੱਪਣੀ ਕਰਨ ਵਾਲੇ ਬਾਬਾ ਰਾਮਦੇਵ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

ਮੋਦੀ ਦੀ ਬੰਗਲਾਦੇਸ਼ੀਆਂ ਨੂੰ ਵਾਪਸ ਭੇਜਣ ਦੀ ਚੇਤਾਵਨੀ

ਸ਼੍ਰੀਰਾਮਪੁਰ, 28 ਅਪ੍ਰੈਲ (ਏਜੰਸੀ)- ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੇ ਚੇਤਾਵਨੀ ਦਿੱਤੀ ਹੈ ਕਿ ਰਾਜਗ ਦੇ ਸੱਤਾ 'ਚ ਆਉਣ 'ਤੇ ਬੰਗਲਾਦੇਸ਼ੀਆਂ ਨੂੰ ਵਾਪਸ ਭੇਜਿਆਂ ਜਾਵੇਗਾ। ਮੋਦੀ ਨੇ ਕਿਹਾ ਕਿ ਉਹ ਇਹ ਚੇਤਵਾਨੀ ਦੇਣਾ ਚਾਹੁੰਦੇ ਹਨ ਕਿ 16 ਮਈ ਤੋਂ ਬਾਅਦ ਇਨ੍ਹਾਂ ਬੰਗਲਾਦੇਸ਼ੀਆਂ ਨੂੰ ਉਨ੍ਹਾਂ ਦੇ ਬੋਰੀਆ ਬਿਸਤਰ ਸਮੇਤ ਸਰਹੱਦ ਪਾਰ ਭੇਜਿਆ ਜਾਵੇਗਾ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਤ੍ਰਿਣਮੂਲ ਕਾਂਗਰਸ ਦੀ ਸੁਪਰੀਮੋ ਮਮਤਾ ਬੈਨਰਜੀ ਵੋਟ ਬੈਂਕ ਦੀ ਰਾਜਨੀਤੀ ਕਰ ਰਹੀ ਹੈ। ਉਨ੍ਹਾਂ ਨੇ ਚੋਣ ਰੈਲੀ ਦੌਰਾਨ ਮਮਤਾ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਹ ਵੋਟ ਬੈਂਕ ਦੀ ਸਿਆਸਤ ਲਈ ਬੰਗਲਾਦੇਸ਼ੀਆਂ ਲਈ ਪਲਕਾਂ ਵਿਛਾ ਰਹੀ ਹੈ।

ਓਬਾਮਾ ਨੇ ਰੂਸ ਨੂੰ ਭੜਕਾਉ ਕਾਰਵਾਈ ਦੇ ਖਿਲਾਫ ਦਿੱਤੀ ਚੇਤਾਵਨੀ

 
ਸਲੈਵੀਯਾਂਸਕ (ਯੁਕਰੇਨ), 28 ਅਪ੍ਰੈਲ (ਏਜੰਸੀ)- ਯੁਕਰੇਨ 'ਚ ਰੂਸ ਸਮਰਥਕ ਬਾਗੀਆਂ ਨੇ ਅੰਤਰਰਾਸ਼ਟਰੀ ਸੁਪਰਵਾਈਜ਼ਰਾਂ ਨੂੰ 'ਯੁੱਧਬੰਦੀ' ਦੇ ਵਾਂਗ ਪੇਸ਼ ਕਰਨ ਨਾਲ ਖਤਰਾ ਹੋਰ ਵੱਧ ਗਿਆ ਹੈ ਅਤੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਰੂਸ ਨੂੰ ਭੜਕਾਉ ਕਾਰਵਾਈ ਦੇ ਖਿਲਾਫ ਚੇਤਾਵਨੀ ਦਿੱਤੀ ਹੈ। ਵਿਦਰੋਹੀਆਂ ਦੇ ਕਬਜ਼ੇ ਵਾਲੇ ਸਲੈਵੀਯਾਂਸਕ ਦੇ ਆਪਣੇ ਆਪ ਬਣੇ ਮੇਅਰ ਨੇ ਓ.ਐਸ.ਸੀ.ਈ. ਸੈਨਿਕ ਨਿਰੀਖਣ ਮਿਸ਼ਨ ਦੇ 8 ਯੂਰਪੀਅਨ ਮੈਂਬਰਾਂ ਨੂੰ ਟਾਊਨ ਹਾਲ 'ਚ ਸਥਾਨਕ ਅਤੇ ਵਿਦੇਸ਼ੀ ਪੱਤਰਕਾਰਾਂ ਦੇ ਸਾਹਮਣੇ ਪੇਸ਼ ਕੀਤਾ। ਸਲੈਵੀਯਾਂਸਕ ਸੰਕਟ ਦਾ ਕੇਂਦਰ ਬਣ ਗਿਆ ਹੈ। ਇਸੇ ਵਿਚਕਾਰ ਓਬਾਮਾ ਨੇ ਕੁਆਲਾਲੰਪੁਰ 'ਚ ਕਿਹਾ ਕਿ ਰੂਸ ਦੀਆਂ ਲਗਾਤਾਰ ਭੜਕਾਉ ਕਾਰਵਾਈਆਂ ਨਾਲ ਨਤੀੇਜੇ ਹੋਰ ਗੰਭੀਰ ਹੁੰਦੇ ਜਾਣਗੇ।

ਰਾਬਰਟ ਵਾਡਰਾ ਦੇ ਖਿਲਾਫ ਭਾਜਪਾ ਦੇ ਕੋਲ ਕੁਝ ਵੀ ਨਹੀਂ - ਕਾਂਗਰਸ

ਨਵੀਂ ਦਿੱਲੀ, 28 ਅਪ੍ਰੈਲ (ਏਜੰਸੀ)- ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਦੋਸ਼ ਨੂੰ ਇਹ ਕਹਿੰਦੇ ਹੋਏ ਖਾਰਜ ਕਰ ਦਿੱਤਾ ਹੈ ਕਿ ਇਹ ਵਿਰੋਧੀ ਦਲ ਦੀ ਹਤਾਸ਼ਪੂਰਨ ਕਾਰਵਾਈ ਹੈ, ਕਿਉਂਕਿ ਉਹ ਰਾਏਬਰੇਲੀ ਅਤੇ ਅਮੇਠੀ 'ਚ ਪ੍ਰਿਅੰਕਾ ਗਾਂਧੀ ਦੇ ਪ੍ਰਚਾਰ ਮੁਹਿੰਮ ਤੋਂ ਸਹਿਮ ਗਈ ਹੈ। ਗੌਰਤਲਬ ਹੈ ਕਿ ਭਾਜਪਾ ਨੇ ਰਾਬਰਟ ਵਾਡਰਾ ਦੇ ਕਥਿਤ ਜਮੀਨ ਸੌਦਿਆਂ 'ਤੇ ਕੱਲ੍ਹ ਇਕ ਵੀਡੀਓ ਦੇ ਨਾਲ ਇਕ ਕਿਤਾਬ ਜਾਰੀ ਕੀਤੀ ਸੀ। ਵਾਡਰਾ ਦੇ ਖਿਲਾਫ ਭਾਜਪਾ ਦੀ ਮੁਹਿੰਮ 'ਤੇ ਕਾਂਗਰਸ ਨੇ ਅੱਜ ਪਲਟਵਾਰ ਕਰਦੇ ਹੋਏ ਕਿਹਾ ਕਿ ਵਾਡਰਾ ਨੂੰ ਬਦਨਾਮ ਕਰਨ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਸੋਨੀਆ ਗਾਂਧੀ ਦੇ ਜਵਾਈ ਦੇ ਖਿਲਾਫ ਕੁਝ ਵੀ ਨਹੀਂ ਪਾਇਆ ਗਿਆ। ਕਾਂਗਰਸ ਬੁਲਾਰੇ ਅਭਿਸ਼ੇਕ ਮਨੂ ਸਿੰਘਵੀ ਨੇ ਕਿਹਾ ਕਿ ਭਾਜਪਾ ਨੇ ਪੰਜ ਮਹੀਨਿਆਂ ਤੱਕ ਰਾਜਸਥਾਨ 'ਚ ਬਹੁਤ ਕੁਝ ਖੰਗਾਲਿਆ ਪਰ ਉਨ੍ਹਾਂ ਨੂੰ ਕੁਝ ਵੀ ਨਹੀਂ ਮਿਲਿਆ। ਇਸ ਸਬੰਧ 'ਚ ਤਿੰਨ ਜਨਹਿੱਤ ਪਟੀਸ਼ਨਾਂ ਵੀ ਖਾਰਜ ਹੋ ਚੁੱਕੀਆਂ ਹਨ।

ਲਾਲ ਕਿਲ੍ਹੇ 'ਤੇ ਹਮਲੇ ਦੇ ਦੋਸ਼ੀ ਮੁਹੰਮਦ ਆਰਿਫ ਦੀ ਫਾਂਸੀ ਦੀ ਸਜ਼ਾ 'ਤੇ ਸੁਪਰੀਮ ਕੋਰਟ ਨੇ ਲਗਾਈ ਰੋਕ

ਨਵੀਂ ਦਿੱਲੀ, 28 ਅਪ੍ਰੈਲ (ਏਜੰਸੀ)- ਸੁਪਰੀਮ ਕੋਰਟ ਨੇ ਸਾਲ 2000 'ਚ ਹੋਏ ਲਾਲ ਕਿਲ੍ਹਾ ਹਮਲਾ ਮਾਮਲੇ 'ਚ ਦੋਸ਼ੀ ਮੁਹੰਮਦ ਆਰਿਫ ਦੀ ਮੌਤ ਦੀ ਸਜ਼ਾ ਨੂੰ ਲਾਗੂ ਕਰਨ 'ਤੇ ਅੱਜ ਰੋਕ ਲਗਾ ਦਿੱਤੀ ਹੈ। ਸੁਪਰੀਮ ਕੋਰਟ ਨੇ ਆਰਿਫ ਦੀ ਫਾਂਸੀ 'ਤੇ ਰੋਕ ਲਗਾਉਂਦੇ ਹੋਏ ਅਰਜ਼ੀ ਨੂੰ ਵਿਚਾਰ ਵਟਾਂਦਰੇ ਲਈ ਸੰਵਿਧਾਨਕ ਬੈਂਚ ਨੂੰ ਭੇਜ ਦਿੱਤਾ ਹੈ। ਗੌਰਤਲਬ ਹੈ ਕਿ ਅਰਿਫ ਨੂੰ ਹੇਠਲੀ ਅਦਾਲਤ ਨੇ ਲਾਲ ਕਿਲ੍ਹੇ 'ਤੇ ਹਮਲੇ ਦਾ ਦੋਸ਼ੀ ਮੰਨਦੇ ਹੋਏ ਫਾਂਸੀ ਦੀ ਸਜ਼ਾ ਸੁਣਾਈ ਸੀ। ਅਗਸਤ 2011 'ਚ ਸੁਪਰੀਮ ਕੋਰਟ ਨੇ ਲਾਲ ਕਿਲ੍ਹੇ 'ਤੇ ਹਮਲੇ ਦੇ ਮਾਮਲੇ 'ਚ ਮੁਹੰਮਦ ਆਰਿਫ ਦੀ ਫਾਂਸੀ ਦੀ ਸਜ਼ਾ ਬਰਕਰਾਰ ਰੱਖੀ ਸੀ। ਮੁਹੰਮਦ ਆਰਿਫ ਲਸ਼ਕਰ-ਏ-ਤਾਇਬਾ ਦਾ ਅੱਤਵਾਦੀ ਹੈ। ਲਾਲ ਕਿਲ੍ਹੇ 'ਤੇ 22 ਦਸੰਬਰ 2000 ਦੀ ਰਾਤ ਨੂੰ ਹੋਏ ਹਮਲੇ 'ਚ ਲਸ਼ਕਰ ਦੇ 6 ਅੱਤਵਾਦੀ ਸ਼ਾਮਲ ਸਨ। ਜਿਨ੍ਹਾਂ ਨੇ ਕਿਲ੍ਹੇ ਦੇ ਅੰਦਰ ਅੰਨ੍ਹੇਵਾਹ ਗੋਲੀਬਾਰੀ ਕੀਤੀ ਸੀ। ਇਸ ਹਮਲੇ 'ਚ ਰਾਜਪੁਤਾਨਾ ਰਾਇਫਲਜ਼ ਦੇ ਦੋ ਜਵਾਨ ਸ਼ਹੀਦ ਅਤੇ ਇਕ ਹੋਰ ਦੀ ਮੌਤ ਹੋ ਗਈ ਸੀ।

ਟੀ.ਐਮ.ਸੀ. ਆਗੂਆਂ ਨੇ ਤੇਜ਼ ਕੀਤੇ ਹਮਲੇ

ਕੋਲਕਤਾ, 28 ਅਪ੍ਰੈਲ (ਏਜੰਸੀ)- ਟੀ. ਐਮ. ਸੀ. ਮੁਖੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਲੈ ਕੇ ਉਨ੍ਹਾਂ ਦੀ ਪਾਰਟੀ ਦੇ ਨੇਤਾਵਾਂ ਨੇ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ 'ਤੇ ਹਮਲੇ ਤੇਜ਼ ਕਰ ਦਿੱਤੇ ਹਨ। ਇਸ ਸਿਲਸਿਲੇ 'ਚ ਤ੍ਰਿਣਮੂਲ ਕਾਂਗਰਸ ਦੇ ਨੇਤਾ ਮੁਕੁਲ ਰਾਏ ਨੇ ਮੋਦੀ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਮੋਦੀ ਆਪਣੇ ਫਾਇਦੇ ਲਈ ਕਿਸੇ ਵੀ ਨੇਤਾ ਦੇ ਖਿਲਾਫ ਨਿੱਜੀ ਹਮਲੇ ਕਰਨ 'ਚ ਲਗੇ ਹੋਏ ਹਨ। ਉਨ੍ਹਾਂ ਨੇ ਮੋਦੀ ਨੂੰ ਘਮੰਡੀ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਨੂੰ ਮਮਤਾ ਦੇ ਖਿਲਾਫ ਪੇਟਿੰਗ 'ਤੇ ਦਿੱਤੇ ਗਏ ਬਿਆਨ ਨੂੰ ਲੈ ਕੇ ਜਨਤਕ ਤੌਰ 'ਤੇ ਮੁਆਫੀ ਮੰਗਣ। ਮੁਕੁਲ ਨੇ ਕਿਹਾ ਕਿ ਮੋਦੀ ਤਾਨਾਸ਼ਾਹ ਦੇ ਪ੍ਰਤੀਕ ਹਨ। ਗੌਰਤਲਬ ਹੈ ਕਿ ਮੋਦੀ ਨੇ ਮਮਤਾ ਦੀ ਚਿੱਤਰਕਾਰੀ ਲਿਆਕਤ 'ਤੇ ਵਿਅੰਗਾਤਮਕ ਤਰੀਕੇ ਨਾਲ ਤਰੀਫ ਕੀਤੀ ਸੀ।

Sunday, 27 April 2014

ਬਾਬਾ ਰਾਮਦੇਵ ਨੇ ਹਨੀਮੂਨ ਵਾਲੇ ਬਿਆਨ 'ਤੇ ਮੰਗੀ ਮੁਆਫੀ

Honeymoon remark: Ramdev’s public meetings banned in Lucknow till May 16 
ਨਵੀਂ ਦਿੱਲੀ, 27 ਅਪ੍ਰੈਲ (ਏਜੰਸੀ)-ਕਾਂਗਰਸ ਉੱਪ ਪ੍ਰਧਾਨ ਰਾਹੁਲ ਗਾਂਧੀ ਨੂੰ ਲੈ ਕੇ ਦਿੱਤੇ ਹਨੀਮੂਨ ਵਾਲੇ ਬਿਆਨ 'ਤੇ ਬਾਬਾ ਰਾਮਦੇਵ ਦੀ ਚਾਰੇ ਪਾਸੋ ਤੋਂ ਹੋ ਰਹੀ ਸਖਤ ਆਲੋਚਨਾ ਤੋਂ ਬਾਅਦ ਰਾਮਦੇਵ ਨੇ ਮੁਆਫੀ ਮੰਗ ਲਈ ਹੈ। ਭਾਜਪਾ ਨੇ ਵੀ ਇਸ ਬਿਆਨ 'ਤੇ ਉਨ੍ਹਾਂ ਨੂੰ ਸਮਰਥਨ ਨਹੀਂ ਦਿੱਤਾ। ਭਾਜਪਾ ਦੇ ਉੱਘੇ ਨੇਤਾ ਯਸ਼ਵੰਤ ਸਿਨ੍ਹਾ ਨੇ ਕਿਹਾ ਹੈ ਕਿ ਰਾਮਦੇਵ ਨੇ ਆਪਣਾ ਬਿਆਨ ਵਾਪਸ ਲੈ ਲਿਆ ਹੈ ਅਤੇ ਇਸ ਨੂੰ ਲੈ ਕੇ ਮਾਮਲਾ ਦਰਜ ਵੀ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਹ ਬਿਹਤਰ ਹੁੰਦਾ ਜੇ ਉਹ ਅਜਿਹੇ ਸ਼ਬਦਾਂ ਦਾ ਇਸਤੇਮਾਲ ਨਾ ਕਰਦੇ। ਇਸ ਬਿਆਨ 'ਤੇ ਵਿਵਾਦ ਪੈਣ 'ਤੇ ਰਾਮਦੇਵ ਨੇ ਆਪਣੀ ਸਫਾਈ 'ਚ ਕਿਹਾ ਹੈ ਕਿ ਉਨ੍ਹਾਂ ਨੇ ਇਹ ਬਿਆਨ ਦਲਿਤਾਂ ਦਾ ਅਪਮਾਨ ਕਰਨ ਲਈ ਨਹੀਂ ਦਿੱਤਾ ਸੀ। ਰਾਮਦੇਵ ਨੇ ਕਿਹਾ ਕਿ ਲੋਕਾਂ ਨੇ ਹਨੀਮੂਨ ਬਿਆਨ ਨੂੰ ਗਲਤ ਤਰੀਕੇ ਨਾਲ ਲਿਆ ਹੈ।

ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਅਰੁਣ ਜੇਤਲੀ ਦੇ ਕਾਰਨ ਭਾਜਪਾ 'ਚ ਸ਼ਾਮਲ ਹੋਏ ਮਨਮੋਹਨ ਸਿੰਘ ਦੇ ਭਰਾ

 
ਅੰਮ੍ਰਿਤਸਰ, 27 ਅਪ੍ਰੈਲ (ਏਜੰਸੀ)- ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਮਤਰਏ ਭਰਾ ਦਲਜੀਤ ਸਿੰਘ ਕੋਹਲੀ ਵੱਲੋਂ ਭਾਜਪਾ 'ਚ ਸ਼ਾਮਲ ਹੋਣ 'ਤੇ ਕਿਹਾ ਜਾ ਰਿਹਾ ਹੈ ਕਿ ਦਲਜੀਤ ਸਿੰਘ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਅਰੁਣ ਜੇਤਲੀ ਦੇ ਦੋ ਮਹੀਨਿਆਂ ਤੋਂ ਸੰਪਰਕ ਵਿਚ ਸਨ। ਸੂਤਰਾਂ ਮੁਤਾਬਿਕ ਦਲਜੀਤ ਸਿੰਘ ਦੇ ਪੁੱਤਰ ਕੰਵਰ ਨੇ ਕਿਹਾ ਹੈ ਕਿ ਉਨ੍ਹਾਂ ਦੇ ਪਿਤਾ ਵੱਲੋਂ ਭਾਜਪਾ 'ਚ ਸ਼ਾਮਲ ਹੋਣ ਤੋਂ ਹੈਰਾਨੀ ਹੋਈ ਹੈ। ਕੰਵਰ ਮੁਤਾਬਿਕ ਉਨ੍ਹਾਂ ਦੇ ਪਿਤਾ ਪਿਛਲੇ ਦੋ ਮਹੀਨਿਆਂ ਤੋਂ ਜੇਤਲੀ ਦੇ ਪ੍ਰਸ਼ੰਸਕ ਬਣ ਗਏ ਸਨ। ਜੇਤਲੀ ਦਾ ਸਮਰਥਨ ਕਰਨ ਦਾ ਇਹ ਵੀ ਇਕ ਵੱਡਾ ਕਾਰਨ ਹੋ ਸਕਦਾ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ઠਕੱਲ੍ਹ ਕਿਹਾ ਸੀ ਕਿ ਉਨ੍ਹਾਂ ਦੇ ਭਰਾ ਵੱਲੋਂ ਭਾਜਪਾ ਨਾਲ ਹੱਥ ਮਿਲਾਉਣ ਦੇ ਫੈਸਲੇ 'ਤੇ ਉਹ ਦੁਖੀ ਹਨ।

ਕਿਸ਼ਤੀ ਹਾਦਸੇ ਕਾਰਨ ਦੱਖਣੀ ਕੋਰੀਆ ਦੇ ਪ੍ਰਧਾਨ ਮੰਤਰੀ ਨੇ ਦਿੱਤਾ ਅਸਤੀਫਾ

 
ਸਿਓਲ, 27 ਅਪ੍ਰੈਲ (ਏਜੰਸੀ)- ਦੱਖਣੀ ਕੋਰੀਆ ਦੇ ਪ੍ਰਧਾਨ ਮੰਤਰੀ ਚੁੰਗ ਹੋਂਗ ਵੋਨ ਨੇ ਯਾਤਰੀਆਂ ਵਾਲੀ ਕਿਸ਼ਤੀ ਡੁੱਬਣ ਦੀ ਘਟਨਾ ਨੂੰ ਲੈ ਕੇ ਅੱਜ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਕਿਸ਼ਤੀ ਹਾਦਸੇ 'ਚ 300 ਤੋਂ ਜਿਆਦਾ ਲੋਕ ਮਾਰੇ ਗਏ ਸਨ। ਪ੍ਰਧਾਨ ਮੰਤਰੀ ਚੁੰਗ ਹੋਂਗ ਵੋਨ ਨੇ ਕਿਹਾ ਕਿ ਇਸ ਹਾਦਸੇ ਨੂੰ ਰੋਕ ਪਾਉਣ 'ਚ ਨਾਕਾਮ ਰਹਿਣ ਦੇ ਲਈ ਅਤੇ ਵਾਪਰੀ ਘਟਨਾ 'ਤੇ ਪ੍ਰਤੀਕਿਰਿਆ ਨਾ ਦੇਣ ਲਈ ਉਨ੍ਹਾਂ ਨੇ ਮੁਆਫੀ ਮੰਗੀ ਹੈ। ਉਨ੍ਹਾਂ ਨੇ ਕਿਹਾ ਕਿ ਨਿਸ਼ਚਿਤ ਰੂਪ ਨਾਲ ਇਹ ਉਨ੍ਹਾਂ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਅਸਤੀਫਾ ਦੇਣ। ਕਿਸ਼ਤੀ ਹਾਦਸੇ ਅਤੇ ਇਸਦੇ ਬਾਚਾਅ ਕਾਰਜਾਂ ਨੂੰ ਲੈ ਕੇ ਸਰਕਾਰ ਅਤੇ ਉਸਦੇ ਦਫਤਰਾਂ ਦੀ ਵਿਆਪਕ ਪੱਧਰ 'ਤੇ ਆਲੋਚਨਾ ਹੋਈ ਹੈ।

ਫਾਰੁਖ ਅਬਦੁਲਾ ਦੀ ਰੈਲੀ 'ਤੇ ਕੀਤਾ ਗਿਆ ਗ੍ਰੇਨੇਡ ਨਾਲ ਹਮਲਾ, 3 ਲੋਕ ਜ਼ਖਮੀ

ਸ਼੍ਰੀਨਗਰ, 27 ਅਪ੍ਰੈਲ (ਏਜੰਸੀ)- ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਅਤੇ ਕੇਂਦਰੀ ਮੰਤਰੀ ਫਾਰੁਖ ਅਬਦੁਲਾ ਦੀ ਰੈਲੀ ਦੇ ਕੋਲ ਗ੍ਰੇਨੇਡ ਨਾਲ ਹਮਲਾ ਕੀਤਾ ਗਿਆ ਹੈ। ਇਹ ਹਮਲਾ ਉਸ ਵਕਤ ਕੀਤਾ ਗਿਆ ਜਦੋਂ ਫਾਰੁਖ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਧਮਾਕੇ ਤੋਂ ਬਾਅਦ ਮਚੀ ਭਗਦੜ 'ਚ ਤਿੰਨ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਦਹਿਸ਼ਤਗਰਦਾਂ ਨੇ ਰੈਲੀ ਦੇ ਨੇੜੇ ਗ੍ਰੇਨੇਡ ਸੁੱਟਿਆ ਜੋ ਇਕ ਦੀਵਾਰ 'ਤੇ ਜਾ ਕੇ ਲੱਗਾ। ਇਸ ਧਮਾਕੇ 'ਚ ਕਿਸੇ ਦੇ ਵੀ ਮਾਰੇ ਜਾਣ ਦੀ ਅਜੇ ਤੱਕ ਕੋਈ ਖ਼ਬਰ ਨਹੀਂ ਹੈ। ਹਮਲੇ ਤੋਂ ਬਾਅਦ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਚਾਰੇ ਪਾਸੇ ਤੋਂ ਘੇਰ ਲਿਆ ਹੈ ਅਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।

ਕੇਜਰੀਵਾਲ ਦੀ ਚੋਣ ਸਭਾ 'ਚ ਮੋਦੀ ਸਮਰਥਕਾਂ ਨੇ ਕੀਤਾ ਹੰਗਾਮਾ, ਪੁਲਿਸ ਨੇ ਕੀਤਾ ਲਾਠੀ ਚਾਰਜ

ਲਖਨਊ, 27 ਅਪ੍ਰੈਲ (ਏਜੰਸੀ)- ਉੱਤਰ ਪ੍ਰਦੇਸ਼ ਦੇ ਵਾਰਾਨਸੀ 'ਚ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਚੋਣ ਸਭਾ 'ਚ ਹੰਗਾਮਾ ਕਰ ਰਹੇ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਦੇ ਸਮਰਥਕਾਂ 'ਤੇ ਪੁਲਿਸ ਨੇ ਲਾਠੀ ਚਾਰਜ ਕੀਤਾ। ਵਾਰਾਨਸੀ ਤੋਂ ਆਪ ਦੇ ਉਮੀਦਵਾਰ ਕੇਜਰੀਵਾਲ ਨੇ ਲੰਕਾ ਖੇਤਰ 'ਚ ਦੇਰ ਰਾਤ ਇਕ ਚੋਣ ਸਭਾ ਕਰ ਰਹੇ ਸਨ। ਜਿਸ ਤਰ੍ਹਾਂ ਹੀ ਕੇਜਰੀਵਾਲ ਸਟੇਜ 'ਤੇ ਸੰਬੋਧਨ ਕਰਨ ਲਈ ਪਹੁੰਚੇ ਤਾਂ ਭਾਜਪਾ ਅਤੇ ਨਰਿੰਦਰ ਮੋਦੀ ਸਮਰਥਕਾਂ ਨੇ ਮੋਦੀ ਜਿੰਦਾਬਾਦ - ਕੇਜਰੀਵਾਲ ਮੁਰਦਾਬਾਦ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਪੁਲਿਸ ਨਾਲ ਭਿੜਣ ਲਗੇ। ਪੁਲਿਸ ਨੇ ਹਾਲਾਤ ਬੇਕਾਬੂ ਹੁੰਦੇ ਦੇਖ ਕੇ ਲਾਠੀ ਚਾਰਜ ਕਰਨਾ ਸ਼ੁਰੂ ਕਰ ਦਿੱਤਾ। ਲਾਠੀ ਚਾਰਜ ਦੌਰਾਨ ਚੋਣ ਸਭਾ 'ਚ ਭਗਦੜ ਵਰਗੇ ਹਾਲਾਤ ਪੈਦਾ ਹੋ ਗਏ।

ਐਨ. ਡੀ. ਏ. ਦੇ ਆਉਣ ਨਾਲ ਮਜ਼ਬੂਤ ਹੋਵੇਗਾ ਰੁਪਇਆ

ਵਾਰਾਨਸੀ, 27 ਅਪ੍ਰੈਲ (ਏਜੰਸੀ)- ਭਾਜਪਾ ਦੇ ਨੇਤਾ ਸੁਬਰਮਨਿਅਮ ਸਵਾਮੀ ਨੇ ਕਿਹਾ ਹੈ ਕਿ ਜੇ ਐਨ.ਡੀ.ਏ. ਸੱਤਾ 'ਚ ਆਉਂਦੀ ਹੈ ਤੇ ਜੇ ਮੋਦੀ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਰੁਪਇਆ ਅਗਲੇ ਦੋ ਸਾਲਾ 'ਚ 61 ਰੁਪਏ ਤੋਂ 35 ਰੁਪਏ ਪ੍ਰਤੀ ਡਾਲਰ 'ਤੇ ਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਉਹ ਖੁਦਰਾ ਖੇਤਰ 'ਚ ਐਫ. ਡੀ. ਆਈ. ਦਾ ਵਿਰੋਧ ਕਰਦੇ ਹਨ।

Friday, 25 April 2014

ਕੈਪਟਨ ਅਮਰਿੰਦਰ ਸਿੰਘ ਤੇ ਸਮਰਥਕਾਂ ਵੱਲੋਂ ਰੋਡ ਸ਼ੋਅ

Amarinder writes open letter to Modi over Punjabi farmers in Gujarat 
ਅਜਨਾਲਾ, 24 ਅਪ੍ਰੈਲ (ਐੱਸ. ਪ੍ਰਸ਼ੋਤਮ)-ਸਥਾਨਕ ਸ਼ਹਿਰ ਦੇ ਬਜ਼ਾਰਾਂ 'ਚ ਹਲਕਾ ਇੰਚਾਰਜ, ਸਾਬਕਾ ਵਿਧਾਇਕ ਤੇ ਪੰਜਾਬ ਕਾਂਗਰਸ ਸੂਬਾ ਜਨਰਲ ਸਕੱਤਰ ਸ: ਹਰਪ੍ਰਤਾਪ ਸਿੰਘ ਅਜਨਾਲਾ ਦੀ ਅਗਵਾਈ 'ਚ ਅਤੇ ਲੋਕ ਸਭਾ ਹਲਕਾ ਅੰਮਿ੍ਤਸਰ ਤੋਂ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਦੀ ਸ਼ਮੂਲੀਅਤ ਨਾਲ ਸੂਬਾ ਆਗੂ ਮੇਜਰ ਰਾਜਬੀਰ ਸਿੰਘ ਅਜਨਾਲਾ, ਜੁਗਰਾਜ ਸਿੰਘ ਅਜਨਾਲਾ, ਕੰਵਰਪ੍ਰਤਾਪ ਸਿੰਘ ਅਜਨਾਲਾ, ਪ੍ਰਧਾਨ ਰਾਜਬੀਰ ਸਿੰਘ ਮੱਦੂਛਾਂਗਾ, ਐਡਵੋਕੇਟ ਬਿ੍ਜ ਮੋਹਣ ਔਲ, ਪ੍ਰਧਾਨ ਹਰਪਾਲ ਸਿੰਘ ਖਾਨੋਵਾਲ, ਪ੍ਰਧਾਨ ਪ੍ਰਵੀਨ ਕੁਕਰੇਜਾ, ਅਰਵਿੰਦਰਪਾਲ ਸਿੰਘ ਜੈਂਟੀ ਦੇ ਸਾਂਝੇ ਉੱਦਮ ਨਾਲ ਵਿਸ਼ਾਲ (
ਰੋਡ ਸ਼ੋਅ ਕਰਕੇ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ। ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਨਿਕਟ ਵਿਰੋਧੀ ਉਮੀਦਵਾਰ ਨੂੰ ਕਥਿਤ ਤੌਰ 'ਤੇ ਫ਼ਸਲੀ ਬਟੇਰਾ ਤੇ ਪੰਜਾਬ ਦੇ ਭਖਦੇ ਮੁੱਦਿਆਂ ਤੋਂ ਕੋਰੀ ਸਲੇਟ ਕਰਾਰ ਦਿੰਦਿਆਂ ਦਾਅਵਾ ਕੀਤਾ ਕਿ ਅਜਨਾਲਾ ਸ਼ਹਿਰ 'ਚ ਇਕ ਵਿਧਾਨ ਸਭਾ ਹਲਕੇ ਦੇ ਸਰਗਰਮ ਕਾਰਕੁੰਨਾਂ ਵੱਲੋਂ ਉਤਸ਼ਾਹ ਤੇ ਜਜ਼ਬੇ ਨਾਲ ਕਰਵਾਏ ਗਏ ਰੋਡ ਸ਼ੋਅ ਨੇ ਚੋਣਾਂ ਤੋਂ ਪਹਿਲਾਂ ਹੀ ਜੇਤਲੀ ਦੀ ਕਰਾਰੀ ਹਾਰ ਕੰਧ 'ਤੇ ਲਿੱਖ ਦਿੱਤੀ ਹੈ। ਰੋਡ ਸ਼ੋਅ 'ਚ ਸ੍ਰੀ ਹਰਬੀਰ ਸਿੰਘ ਬੱਬਲੂ ਸਿੰਧੀ, ਵਿਜੇ ਤ੍ਰੇਹਨ, ਮਨਿੰਦਰ ਸਰਾਫ, ਸੋਨੂੰ ਜਾਫਰ, ਹਰਕੀਰਤ ਸਿੰਘ ਮੱਦੂਛਾਂਗਾ, ਨਿਸ਼ਾਨ ਸਿੰਘ ਸੁਧਾਰ, ਗੁਰਪਿੰਦਰ ਸਿੰਘ ਮਾਹਲ, ਗੁਰਅਵਤਾਰ ਸਿੰਘ ਬੱਬੂ ਨਾਨੋਕੇ, ਰਾਣਾ ਰਣਜੀਤ ਸਿੰਘ ਭੱਖਾ, ਸੁੱਖ ਭੱਖਾ, ਪਰਮਿੰਦਰ ਭੱਖਾ, ਪ੍ਰਧਾਨ ਗੁਰਚਰਨ ਸਿੰਘ ਆਦਿ ਪ੍ਰਮੁੱਖ ਆਗੂ ਸ਼ਾਮਿਲ ਸਨ।

ਕੋਰੀਆਈ ਕਿਸਤੀ ਹਾਦਸੇ 'ਚ ਮ੍ਰਿਤਕਾਂ ਦੀ ਗਿਣਤੀ 181 ਹੋਈ

Race to recover bodies from Korea ferry as storms loom 
ਸਿਓਲ, 25 ਅਪ੍ਰੈਲ (ਏਜੰਸੀ)- ਦੱਖਣੀ ਕੋਰੀਆ ਦੀ ਇਕ ਬੇੜੀ ਦੇ ਸਮੁੰਦਰ ਵਿਚ ਡੁੱਬਣ ਨਾਲ ਮਰਨ ਵਾਲਿਆ ਦੀ ਗਿਣਤੀ ਸ਼ੁੱਕਰਵਾਰ ਨੂੰ ਵੱਧ ਕੇ 181 ਹੋ ਗਈ। ਡੁੱਬੀ ਹੋਈ ਬੇੜੀ 'ਚ ਲਾਸ਼ਾਂ ਜਾਂ ਜੀਉਂਦੇ ਯਾਤਰੀਆਂ ਦੀ ਤਲਾਸ਼ ਵਿਚ ਗੋਤਾਖੋਰ ਅਜੇ ਵੀ ਕੰਮ ਕਰ ਰਹੇ ਹਨ। ਖ਼ਬਰ ਏਜੰਸੀ ਸਿਨਹੂਆ ਅਨੁਸਾਰ 16 ਅਪ੍ਰੈਲ ਨੂੰ ਦੇਸ਼ ਦੇ ਦੱਖਣੀ-ਪੱਛਮੀ ਸਮੁੰਦਰ ਤੱਟ ਤੋਂ ਦੂਰ ਕੋਰੀਆਈ ਬੇੜੀ ਦੇ ਡੁੱਬਣ ਦੀ ਘਟਨਾ ਦੇ 10 ਦਿਨ ਬਾਅਦ ਮਰਨ ਵਾਲਿਆ ਦੀ ਗਿਣਤੀ 181 ਤੱਕ ਪਹੁੰਚ ਗਈ ਹੈ ਅਤੇ ਅਜੇ ਵੀ 121 ਲੋਕ ਲਾਪਤਾ ਹਨ। ਇਸ ਬੇੜੀ 'ਚ 476 ਯਾਤਰੀ ਸਵਾਰ ਸਨ ਜਿਨ੍ਹਾਂ ਵਿਚ ਡੈਨਵਾਨ ਸਕੂਲ ਦੇ 325 ਬੱਚੇ ਅਤੇ 14 ਅਧਿਆਪਕ ਵੀ ਸ਼ਾਮਿਲ ਸਨ ਅਤੇ ਉਨ੍ਹਾਂ ਵਿਚੋਂ ਕੇਵਲ 174 ਯਾਤਰੀਆਂ ਨੂੰ ਬਚਾਇਆ ਜਾ ਸਕਿਆ ਹੈ।

ਮੋਦੀ ਦੇ ਰੋਡ ਸ਼ੋਅ 'ਤੇ ਚੋਣ ਕਮਿਸ਼ਨ ਕਾਰਵਾਈ ਕਰੇ-ਮਾਇਆਵਤੀ

ਲਖਨਊ, 25 ਅਪ੍ਰੈਲ (ਏਜੰਸੀ)-ਉਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਅਤੇ ਬਸਪਾ ਮੁਖੀ ਮਾਇਆਵਤੀ ਨੇ ਚੋਣ ਕਮਿਸ਼ਨ ਕੋਲੋਂ ਮੰਗ ਕੀਤੀ ਹੈ ਕਿ ਜਿਥੇ ਇਕ ਪਾਸੇ ਛੇਵੇਂ ਪੜਾਅ ਲਈ ਦੇਸ਼ ਵਿਚ ਵੋਟਾਂ ਪੈ ਰਹੀਆਂ ਸਨ,ਉਥੇ ਭਾਜਪਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਨਰਿੰਦਰ ਮੋਦੀ ਵੱਲੋਂ ਵਾਰਾਨਸੀ ਵਿਚ ਜਿਸ ਅੰਦਾਜ਼ ਵਿਚ ਰੋਡ ਸ਼ੋਅ ਕੱਢਦਿਆਂ ਨਾਮਜ਼ਦਗੀ ਭਰੀ ਗਈ ਤੇ ਮੀਡੀਆ ਵਿਚ ਲਗਾਤਾਰ ਇਸ ਨੂੰ ਵਿਖਾਇਆ ਗਿਆ, ਇਸ ਦੇ ਖਿਲਾਫ਼ ਚੋਣ ਕਮਿਸ਼ਨ ਕਾਰਵਾਈ ਕਰੇ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਇਆਵਤੀ ਨੇ ਕਿਹਾ ਕਿ ਮੋਦੀ ਦੀ ਨਾਮਜ਼ਦਗੀ ਲਈ ਮੀਡੀਆ ਰਾਹੀਂ ਮੋਦੀ ਦੇ ਹੱਕ ਵਿਚ ਜ਼ੋਰਦਾਰ ਢੰਗ ਨਾਲ ਹਵਾ ਬਣਾਈ ਗਈ ਜੋ ਕਿਸੇ ਵੀ ਤਰ੍ਹਾਂ ਸਹੀ ਨਹੀਂ ਸੀ। ਮਾਇਆਵਤੀ ਨੇ ਕਿਹਾ ਕਿ ਮੋਦੀ ਦੇ ਰੋਡ ਸ਼ੋਅ ਨੂੰ ਲੈ ਕੇ ਗਲਤ ਪ੍ਰਚਾਰ ਕੀਤਾ ਗਿਆ ਜਦਕਿ ਅਸਲੀਅਤ ਇਹ ਹੈ ਕਿ ਰੋਡ ਸ਼ੋਅ ਵਿਚ ਸਥਾਨਕ ਲੋਕ ਘੱਟ ਪਰ ਬਾਹਰੀ ਲੋਕ ਵਧੇਰੇ ਸਨ। ਮਾਇਆਵਤੀ ਨੇ ਕਿਹਾ ਕਿ ਮੀਡੀਆ ਰਾਹੀਂ ਮੋਦੀ ਦੀ ਨਾਮਜ਼ਦਗੀ ਨੂੰ ਕਾਫ਼ੀ ਵਧਾ ਚੜ੍ਹਾ ਕੇ ਪੇਸ਼ ਕੀਤਾ ਗਿਆ ਤਾਂ ਜੋ ਰਹਿੰਦੇ ਚੋਣ ਪੜਾਵਾਂ ਵਿਚ ਭਾਜਪਾ ਨੂੰ ਵਧੇਰੇ ਲਾਭ ਮਿਲ ਸਕੇ ਪਰ ਅਜਿਹਾ ਨਹੀਂ ਹੋਵੇਗਾ। ਉਨ੍ਹਾਂ ਕਿਹਾ, 'ਇਹ ਲੋਕ ਹਿੱਤ ਵਿਚ ਨਹੀਂ ਹੈ। ਚੋਣ ਕਮਿਸ਼ਨ ਨੂੰ ਆਪਣੇ ਤੌਰ 'ਤੇ ਕਾਰਵਾਈ ਕਰਨੀ ਚਾਹੀਦੀ ਹੈ।' ਮਾਇਆਵਤੀ ਨੇ ਕਿਹਾ ਕਿ ਚਰਚਾ ਇਹ ਵੀ ਹੈ ਕਿ ਮੀਡੀਆ ਜ਼ਰੀਏ ਚੋਣ ਹਵਾ ਬਣਾਉਣ ਲਈ ਭਾਜਪਾ, ਕਾਂਗਰਸ ਤੇ ਸਮਾਜਵਾਦੀ ਪਾਰਟੀ ਲਈ ਪੂੰਜੀਪਤੀਆਂ ਤੇ ਉਦਯੋਗਿਕ ਘਰਾਣਿਆਂ ਵੱਲੋਂ ਕਾਫ਼ੀ ਪੈਸਾ ਖਰਚਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਤੇ ਕਾਂਗਰਸ ਵਿਚ ਸੱਤਾ ਵਿਚ ਆਉਣ ਲਈ ਸੰਘਰਸ਼ ਚੱਲ ਰਿਹਾ ਹੈ ਤੇ ਇਹ ਪਾਰਟੀਆਂ ਇਕ ਧਿਰ ਨੂੰ ਲਾਭ ਪਹੁੰਚਾਉਣ ਲਈ ਜ਼ੋਰ ਲਾ ਰਹੀਆਂ ਹਨ।

ਪਾਕਿਸਤਾਨ : ਹਮਲੇ 'ਚ ਇਕ ਪਰਿਵਾਰ ਦੇ 5 ਜੀਆਂ ਦੀ ਮੌਤ

ਇਸਲਾਮਾਬਾਦ, 25 ਅਪ੍ਰੈਲ (ਏਜੰਸੀ)- ਪਾਕਿਸਤਾਨ ਦੇ ਖ਼ੈਬਰ ਪਖਤੁਨਖਵਾ ਸੂਬੇ 'ਚ ਅਣਪਛਾਤੇ ਬੰਦੂਕਧਾਰੀਆਂ ਨੇ ਇਕ ਵਾਹਨ 'ਤੇ ਅੰਧਾ ਧੁੰਧ ਗੋਲੀਆਂ ਚਲਾ ਦਿੱਤੀਆਂ ਜਿਸ ਨਾਲ ਇਕ ਹੀ ਪਰਿਵਾਰ ਦੇ ਘੱਟੋ ਘੱਟ 5 ਲੋਕਾਂ ਦੀ ਮੌਤ ਹੋ ਗਈ ਅਤੇ 8 ਜ਼ਖਮੀ ਹੋ ਗਏ। ਪੁਲਿਸ ਅਧਿਕਾਰੀ ਅਜੀਜ ਖਾਨ ਨੇ ਘਟਨਾ 'ਚ 5 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਹ ਲੋਕ ਸਵਾਬੀ ਤੋਂ ਪੇਸ਼ਾਵਰ ਹਵਾਈ ਅੱਡੇ 'ਤੇ ਜਾ ਰਹੇ ਸਨ ਅਤੇ ਉਥੇ ਉਹ ਪਰਿਵਾਰ ਦੇ ਕਿਸੇ ਮੈਂਬਰ ਦੇ ਦੁਬਈ ਜਾਣ ਮੌਕੇ ਵਿਦਾਈ ਦੇਣਾ ਚਾਹੁੰਦੇ ਸਨ। ਉਨ੍ਹਾਂ ਦੱਸਿਆ ਕਿ ਪੁਲਿਸ ਅਤੇ ਰਾਹਤ ਦਲ ਘਟਨਾ ਵਾਲੀ ਥਾਂ 'ਤੇ ਪਹੁੰਚ ਗਏ ਹਨ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ।

ਮਜੀਠੀਆ ਵੱਲੋਂ ਗੁਰਬਾਣੀ ਦੀ ਤੁੱਕ ਸਬੰਧੀ ਹੋਈ ਭੁੱਲ ਲਈ ਸਿੱਖ ਜਗਤ ਤੋਂ ਖਿਮਾਯਾਚਨਾ

ਅੰਮ੍ਰਿਤਸਰ, 25 ਅਪ੍ਰੈਲ (ਹਰਪ੍ਰੀਤ ਸਿੰਘ ਗਿੱਲ)-ਬੀਤੇ ਦਿਨੀ ਇਕ ਚੋਣ ਜਲਸੇ ਵਿਚ ਕੈਬਨਿਟ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਵਲੋਂ ਬੋਲੀ ਗਈ ਦਸਮ ਪਾਤਿਸ਼ਾਹ ਦੀ ਗੁਰਬਾਣੀ ਦੀ ਤੁਕ ਸਬੰਧੀ ਬਿਆਨ ਜਾਰੀ ਕਰਦਿਆਂ ਸ. ਮਜੀਠੀਆ ਨੇ ਦਸਮ ਪਿਤਾ ਦੀ ਬਾਣੀ ਬੋਲਣ 'ਚ ਆਪਣੇ ਤੋਂ ਹੋਈ ਭੁੱਲ ਦੀ ਖਿਮਾਯਾਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਜਾਣੇ ਅਨਜਾਣੇ ਵਿਚ ਉਨ੍ਹਾਂ ਕੋਲੋਂ ਹੋਈ ਗਲਤੀ ਦਾ ਉਨ੍ਹਾਂ ਨੂੰ ਅਹਿਸਾਸ ਹੈ ਜਿਸ ਲਈ ਉਹ ਨਿਮਰਤਾ ਸਹਿਤ ਮੁਆਫ਼ੀ ਮੰਗਦੇ ਹਨ। ਉਨ੍ਹਾਂ ਕਿਹਾ ਕਿ ਨਿਮਾਣੇ ਅਤੇ ਭੁੱਲਣਹਾਰ ਸਿੱਖ ਵਾਂਗ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨ, ਸੁਣਨ ਅਤੇ ਮੰਨਣ ਵਾਲਿਆਂ ਸਮੇਤ ਸਮੁੱਚੇ ਸਿੱਖ ਜਗਤ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਪਾਸੋਂ ਖਿਮਾਯਾਚਨਾ ਕਰਦੇ ਹਨ। ਉਨ੍ਹਾਂ ਸਪੱਸ਼ਟ ਸ਼ਬਦਾਂ 'ਚ ਕਿਹਾ ਕਿ ਨਾਨਕ ਨਾਮ ਲੇਵਾ ਕਿਸੇ ਵੀ ਸਿੱਖ ਕੋਲੋਂ ਜਾਣੇ ਅਨਜਾਣੇ 'ਚ ਅਜਿਹੀ ਗਲਤੀ ਹੋ ਜਾਂਦੀ ਹੈ ਅਤੇ ਨਿਮਰ ਹੋ ਕੇ ਮੁਆਫ਼ੀ ਮੰਗਣ ਨਾਲ ਗੁਰੂ ਸਾਹਿਬ ਆਪਣੇ ਭੁੱਲਣਹਾਰ ਸਿੱਖ ਨੂੰ ਮੁਆਫ਼ ਕਰ ਦਿੰਦੇ ਹਨ।

ਪਾਕਿਸਤਾਨ 'ਚ ਮਸਜਿਦ ਨੇੜੇ ਧਮਾਕਾ, 3 ਮਰੇ

ਇਸਲਾਮਾਬਾਦ, 25 ਅਪ੍ਰੈਲ (ਏਜੰਸੀ)- ਦੱਖਣੀ ਪਾਕਿਸਤਾਨੀ ਸ਼ਹਿਰ ਕਰਾਚੀ 'ਚ ਅੱਜ ਇਕ ਮਸਜਿਦ ਨੇੜੇ ਹੋਏ ਧਮਾਕੇ 'ਚ ਘੱਟੋ ਘੱਟ 3 ਲੋਕਾਂ ਦੀ ਮੌਤ ਹੋ ਗਈ ਅਤੇ 15 ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਕਰਾਚੀ ਦੇ ਜਿਨਾਹ ਪੋਸਟਗ੍ਰੈਜੂਏਟ ਮੈਡੀਕਲ ਕਾਲਜ 'ਚ ਦਾਖ਼ਲ ਕਰਵਾਇਆ ਗਿਆ ਹੈ। ਸੂਤਰਾਂ ਅਨੁਸਾਰ ਧਮਾਕਾ ਸ਼ਹਿਰ ਦੇ ਦਿੱਲੀ ਕਾਲੋਨੀ ਇਲਾਕੇ 'ਚ ਹੋਇਆ ਅਤੇ ਇਸ ਦੇ ਨੇੜੇ ਦੀਆਂ ਕਈ ਇਮਾਰਤਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਇਸ ਦੇ ਇਲਾਵਾ ਮੋਟਰਸਾਈਕਲਾਂ ਨੂੰ ਵੀ ਨੁਕਸਾਨ ਪਹੁੰਚਿਆ ਅਤੇ ਸਰਕਾਰੀ ਨੰਬਰ ਪਲੇਟਾਂ ਵਾਲਾ ਇਕ ਵਾਹਨ ਪੂਰੀ ਤਰ੍ਹਾਂ ਨਾਲ ਤਬਾਹ ਹੋ ਗਿਆ। ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਨਮਾਜ਼ੀ ਸ਼ੁੱਕਰਵਾਰ ਦੀ ਨਮਾਜ਼ ਅਦਾ ਕਰਨ ਦੇ ਬਾਅਦ ਮਸਜਿਦ ਵਿਚੋਂ ਨਿਕਲ ਰਹੇ ਸਨ।

Thursday, 24 April 2014

ਕਾਬੁਲ ਹਸਪਤਾਲ 'ਤੇ ਹਮਲੇ ਦੌਰਾਨ 3 ਵਿਦੇਸ਼ੀ ਹਲਾਕ

ਕਾਬੁਲ, 24 ਅਪ੍ਰੈਲ (ਏਜੰਸੀ)-ਇਥੇ ਇਕ ਹਸਪਤਾਲ ਵਿਚ ਸੁਰੱਖਿਆ ਗਾਰਡ ਵੱਲੋਂ ਚਲਾਈ ਗੋਲੀ ਦੌਰਾਨ ਤਿੰਨ ਵਿਦੇਸ਼ੀ ਮਾਰੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਰੱਖਿਆ ਸੂਤਰਾਂ ਨੇ ਦੱਸਿਆ ਕਿ ਇਸ ਘਟਨਾ ਵਿਚ ਇਕ ਹੋਰ ਜ਼ਖ਼ਮੀ ਹੋ ਗਿਆ। ਗੋਲੀ ਚਲਾਉਣ ਵਾਲਾ ਵਿਅਕਤੀ ਜ਼ਖ਼ਮੀ ਹੋ ਗਿਆ ਹੈ ਜਿਸ ਨੂੰ ਪੁਲਿਸ ਹਿਰਾਸਤ ਵਿਚ ਲੈ ਲਿਆ ਗਿਆ । ਇਸ ਬਾਰੇ ਹੋਰ ਵੇਰਵੇ ਨਹੀਂ ਮਿਲੇ। ਜ਼ਿਕਰਯੋਗ ਹੈ ਕਿ ਇਥੇ ਪਹਿਲਾਂ ਵੀ ਵਿਦੇਸ਼ ਨਾਗਰਿਕਾਂ ਨੂੰ ਹਿੰਸਾ ਦਾ ਸ਼ਿਕਾਰ ਹੋਣਾ ਪੈਂਦਾ ਰਿਹਾ ਹੈ। ਜਨਵਰੀ ਮਹੀਨੇ ਦੌਰਾਨ ਤਾਲਿਬਾਨ ਹਮਲੇ ਵਿਚ 8 ਅਫ਼ਗਾਨੀ ਤੇ 13 ਵਿਦੇਸ਼ੀ ਨਾਗਰਿਕ ਮਾਰੇ ਗਏ ਸਨ।

6 ਪੜਾਅ 'ਚ ਵੀ ਵੋਟਰਾਂ ਦਾ ਜੋਸ਼ ਬਰਕਰਾਰ-117 ਹਲਕਿਆਂ 'ਚ ਭਾਰੀ ਮਤਦਾਨ

ਨਵੀਂ ਦਿੱਲੀ, 24 ਅਪ੍ਰੈਲ (ਪੀ. ਟੀ. ਆਈ.)-ਗਰਮੀ ਵਧਣ ਦੇ ਬਾਵਜੂਦ ਲੋਕ ਸਭਾ ਚੋਣਾਂ ਦੇ ਛੇਵੇਂ ਪੜਾਅ ਵਿਚ 11 ਰਾਜਾਂ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ ਪੂਡੂਚੇਰੀ ਦੇ 117 ਹਲਕਿਆਂ 'ਚੋ ਕਈ ਲੋਕ ਸਭਾ ਸੀਟਾਂ 'ਤੇ ਅੱਜ ਭਾਰੀ ਮਤਦਾਨ ਹੋਇਆ ਜਿਨ੍ਹਾਂ ਲਈ ਕਾਂਗਰਸ, ਭਾਜਪਾ ਅਤੇ ਅੱਨਾ. ਡੀ. ਐਮ. ਕੇ., ਡੀ. ਐਮ. ਕੇ., ਐਨ. ਪੀ. ਪੀ. ਅਤੇ ਸ਼ਿਵ ਸੈਨਾ ਵਰਗੀਆਂ ਕਈ ਦੂਸਰੀਆਂ ਪਾਰਟੀਆਂ ਨੇ ਵੱਡੀ ਗਿਣਤੀ ਵਿਚ ਉਮੀਦਵਾਰ ਖੜੇ ਕੀਤੇ ਹੋਏ ਹਨ। 18 ਕਰੋੜ ਵੋਟਰ ਮੁਲਾਇਮ ਸਿੰਘ ਯਾਦਵ, ਸੁਸ਼ਮਾ ਸਵਾਰਜ, ਦਇਆਨਿਧੀ ਮਾਰਨ, ਏ ਰਾਜਾ, ਸਲਮਾਨ ਖੁਰਸ਼ੀਦ ਅਤੇ ਸ਼ਾਹਨਵਾਜ਼ ਹੁਸੈਨ ਸਮੇਤ 2076 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ। 9 ਪੜਾਵੀ ਚੋਣਾਂ ਵਿਚ ਅੱਜ ਦੇ ਪੜਾਅ ਨਾਲ 543 ਲੋਕ ਸਭਾ ਹਲਕਿਆਂ ਚੋਂ 349 'ਤੇ ਵੋਟਾਂ ਪਾਉਣ ਦਾ ਕੰਮ ਮੁਕੰਮਲ ਹੋ ਗਿਆ ਹੈ। ਬਾਕੀ ਰਹਿੰਦੀਆਂ 194 ਸੀਟਾਂ ਲਈ 30 ਅਪ੍ਰੈਲ (89 ਸੀਟਾਂ), 7 ਮਈ (64) ਅਤੇ 12 ਮਈ ਨੂੰ (41) ਸੀਟਾਂ 'ਤੇ ਚੋਣ ਹੋਵੇਗੀ। ਵੋਟਾਂ ਦੀ ਗਿਣਤੀ 16 ਮਈ ਨੂੰ ਹੋਵੇਗੀ। ਦੱਖਣੀ ਕਸ਼ਮੀਰ ਦੇ ਅਨੰਤਨਾਗ ਸੰਸਦੀ ਹਲਕੇ ਵਿਚ ਇਕ ਬੂਥ 'ਤੇ ਪਥਰਾਅ ਦੀ ਘਟਨਾ ਨੂੰ ਛੱਡ ਕੇ ਬਾਕੀ ਸਾਰੇ ਹਲਕਿਆਂ 'ਚ ਪੋਲਿੰਗ ਸ਼ਾਂਤਮਈ ਰਹੀ। ਤਾਮਿਲਨਾਡੂ ਵਿਚ ਸੱਰੀਆਂ 39 ਸੀਟਾਂ 'ਤੇ ਭਾਰੀ ਮਤਦਾਨ ਹੋਇਆ। ਮੁੱਖ ਮੰਤਰੀ ਜੈਲਲਿਤਾ, ਐਮ. ਡੀ. ਐਮ. ਕੇ. ਦੇ ਬਾਨੀ ਵਾਇਕੋ, ਪ੍ਰਧਾਨ ਮੰਤਰੀ ਦਫ਼ਤਰ ਵਿਚ ਕੇਂਦਰੀ ਮੰਤਰੀ ਵੀ ਨਰਾਇਣਸਵਾਮੀ ਜਿਹੜੇ ਪੁਡੂਚੇਰੀ ਤੋਂ ਮੁੜ ਚੋਣ ਲੜ ਰਹੇ ਹਨ, ਤਾਲਿਮ ਫਿਲਮਾਂ ਦੇ ਅਦਾਕਾਰ ਰਜਨੀਕਾਂਤ ਅਤੇ ਕਮਲ ਹਸਨ ਸਭ ਤੋਂ ਪਹਿਲਾਂ ਵੋਟ ਪਾਉਣ ਵਾਲੇ ਵੋਟਰਾਂ 'ਚ ਸ਼ਾਮਿਲ ਸਨ। ਡੀ. ਐਮ. ਕੇ. ਦੇ ਪਾਰਟੀ ਚੋਂ ਕੱਢੇ ਗਏ ਆਗੂ ਐਮ. ਕੇ. ਅਲਾਗਿਰੀ, ਕੇਂਦਰੀ ਵਿਤ ਮੰਤਰੀ ਪੀ ਚਿਦੰਬਰਮ, ਡੀ. ਐਮ. ਕੇ. ਦੇ ਆਗੂ ਐਮ. ਕੇ. ਸਟਾਲਿਨ. ਕਨੀਮੋਝੀ, ਸਾਬਕਾ ਕੇਂਦਰੀ ਮੰਤਰੀ ਅਤੇ ਪ੍ਰਮੁੱਖ ਸ਼ਖਸੀਅਤ ਐਨ. ਸ੍ਰੀਨਿਵਾਸਨ ਵੋਟ ਪਾਉਣ ਵਾਲੀਆਂ ਸ਼ਖਸੀਅਤਾਂ 'ਚ ਸ਼ਾਲਿ ਸਨ। ਮਹਾਰਾਸ਼ਟਰ ਵਿਚ ਸਨਅਤਕਾਰਾਂ ਅਤੇ ਬਾਲੀਵੁੱਡ ਹਸਤੀਆਂ ਨੇ ਸੂਬੇ ਦੀਆਂ 19 ਸੀਟਾਂ ਲਈ ਆਪਣੇ ਮਤ ਦੀ ਵਰਤੋਂ ਕਰਨ 'ਚ ਅੱਗੇ ਰਹੀਆਂ। ਵਿਤੀ ਰਾਜਧਾਨੀ ਮੁੰਬਈ ਵਿਚ ਅਦੀ ਗੋਦਰੇਜ ਅਤੇ ਅਨਿਲ ਅੰਬਾਨੀ ਸਮੇਤ ਵੱਡੇ ਸਨਅਤਕਾਰਾਂ ਨੇ ਆਪਣੇ ਮਤ ਦੀ ਵਰਤੋਂ ਕੀਤੀ। ਉੱਤਰ ਪ੍ਰਦੇਸ਼ ਦੀਆਂ 12 ਸੀਟਾਂ ਲਈ 30 ਫ਼ੀਸਦ ਮਤਦਾਨ ਹੋਇਆ। ਉਥੇ 188 ਉਮੀਦਵਾਰ ਚੋਣ ਮੈਦਾਨ ਵਿਚ ਹਨ। ਮੱਧ ਪ੍ਰਦੇਸ਼ ਦੀਆਂ 10 ਸੀਟਾਂ 'ਤੇ 35 ਫ਼ੀਸਦੀ, ਰਾਜਸਥਾਨ 'ਚ 7 ਸੀਟਾਂ 'ਤੇ 30 ਫ਼ੀਸਦ, ਅਸਾਮ ਦੀਆਂ 6 ਸੀਟਾਂ 'ਤੇ 20 ਫ਼ੀਸਦੀ, ਪੱਛਮੀ ਬੰਗਾਲ ਦੀਆਂ ਚਾਰ ਸੀਟਾਂ 'ਤੇ 15 ਫ਼ੀਸਦੀ ਅਤੇ ਬਿਹਾਰ ਵਿਚ 25 ਫ਼ੀਸਦ ਮਤਦਾਨ ਹੋਇਆ।

ਅੰਤਰਰਾਸ਼ਟਰੀ ਸਰਹੱਦ ਤੋ 50 ਕਰੋੜ ਦੀ ਹੈਰੋਇਨ ਬਰਾਮਦ

ਖਾਸਾ, 24 ਅਪ੍ਰੈਲ (ਮਹਿਤਾਬ ਸਿੰਘ ਪੰਨੂ)-ਬੀ. ਐਸ. ਐਫ. ਦੇ ਜਵਾਨਾਂ ਵੱਲੋਂ ਲਗਾਤਾਰ ਨਸ਼ੇ ਦੇ ਤਸਕਰਾਂ ਨੂੰ ਮੂੰਹ ਤੋੜ ਜਵਾਬ ਦਿੰਦੇ ਹੋਏ ਅੱਜ ਅੰਮ੍ਰਿਤਸਰ ਸੈਕਟਰ ਦੀ ਪੋਸਟ ਪੁਲ ਮੌਰਾਂ ਵਿਖੇ ਬੀ.ਐਸ. ਐਫ. ਦੀ 50 ਬਟਾਲੀਅਨ ਦੇ ਜਵਾਨਾਂ ਨੇ ਸਰਹੱਦ ਤੋਂ 10 ਕਿਲੋ ਹੈਰੋਇਨ ਬਰਾਮਦ ਕਰਨ ਵਿਚ ਸਫਲਤਾ ਹਾਸਿਲ ਕੀਤੀ। ਖਾਸਾ ਹੈਡਕੁਆਟਰ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਆਈ. ਜੀ. ਅਜੇ ਕੁਮਾਰ ਤੋਮਰ, ਡੀ. ਆਈ. ਜੀ. ਐਮ. ਐਫ. ਫਾਰੂਕੀ ਨੇ ਦੱਸਿਆ ਕਿ ਅੰਮ੍ਰਿਤਸਰ ਸੈਕਟਰ ਦੀ ਬੀ. ਓ. ਪੀ. ਪੋਸਟ ਪੁੱਲ ਮੌਰਾਂ ਦੇ ਨਜ਼ਦੀਕ ਸਵੇਰ ਦੇ ਤਕਰੀਬਨ 2:30 ਵਜੇ ਦੇ ਕਰੀਬ ਬਾਰਡਰ ਓਪਰ ਜਵਾਨ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਅਚਾਨਕ ਆਵਾਜ਼ ਸੁਣਾਈ ਦਿੱਤੀ ਅਤੇ ਹਨੇਰਾ ਹੋਣ ਕਾਰਨ ਕੁੱਝ ਦਿਖਾਈ ਨਾ ਦਿੱਤਾ ਪਰ ਇਹ ਸਪੱਸ਼ਟ ਹੋ ਗਿਆ ਕਿ ਕੋਈ ਹੱਲ-ਚੱਲ ਹੋ ਰਹੀ ਹੈ। ਬੀ. ਐਸ. ਐਫ. ਦੇ ਜਵਾਨਾਂ ਵੱਲੋਂ ਉਸ ਸਾਇਡ ਤਕਰੀਬਨ 13 ਰੌਂਦ ਫਾਇਰ ਕੀਤੇ ਗਏ ਅਤੇ ਕੁੱਝ ਫਾਇਰ ਦੂਸਰੀ ਤਰਫੋਂ ਵੀ ਹੋਏ ਹਨੇਰੇ ਦਾ ਫਾਇਦਾ ਉਠਾ ਕੇ ਤਸਕਰ ਦੌੜਨ ਵਿਚ ਸਫਲ ਹੋ ਗਏ। ਜਵਾਨਾਂ ਵੱਲੋਂ ਜਦੋਂ ਸਵੇਰੇ ਉਸ ਜਗ੍ਹਾਂ ਦੀ ਚੈਕਿੰਗ ਕੀਤੀ ਗਈ 10 ਪੈਕਟ ਹੈਰੋਇਨ ਦੇ ਬਰਾਮਦ ਕੀਤੇ ਗਏ। ਜਿਸਦੀ ਅੰਤਰਰਾਸ਼ਟਰੀ ਮਾਰਕੀਟ ਵਿਚ ਕੀਮਤ 50 ਕਰੋੜ ਰੁਪਏ ਹੈ।

ਨਰਿੰਦਰ ਮੋਦੀ ਨੇ ਵਾਰਾਨਸੀ ਤੋਂ ਨਾਮਜ਼ਦਗੀ ਪੱਤਰ ਕੀਤਾ ਦਾਖਲ

ਵਾਰਾਨਸੀ, 24 ਅਪ੍ਰੈਲ (ਏਜੰਸੀ)- ਹਜ਼ਾਰਾਂ ਲੋਕਾਂ ਦੀ ਮੌਜੂਦਗੀ 'ਚ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੇ ਅੱਜ ਵਾਰਾਨਸੀ ਲੋਕ ਸਭਾ ਸੀਟ ਤੋਂ ਚੋਣ ਲੜਣ ਲਈ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਮੋਦੀ ਅੱਜ ਹੀ ਵਾਰਾਨਸੀ ਪਹੁੰਚੇ ਸਨ। ਉਨ੍ਹਾਂ ਦੇ ਨਾਮ ਨੂੰ ਪ੍ਰਸਤਾਵ ਕਰਨ ਵਾਲਿਆ 'ਚ ਅਲੱਗ ਅਲੱਗ ਸਮੂਹਾਂ ਦੇ ਲੋਕ ਸ਼ਾਮਲ ਸਨ। ਮੋਦੀ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਵਾਰਾਨਸੀ ਦੀ ਜਨਤਾ ਨੂੰ ਧੰਨਵਾਦ ਕੀਤਾ। ਇਲਾਹਾਬਾਦ ਹਾਈਕੋਰਟ ਦੇ ਸੇਵਾ ਮੁਕਤ ਜੱਜ ਗਿਰੀਧਰ ਮਾਲਵੀਯ ਸਮੇਤ ਕਈ ਹੋਰ ਲੋਕ ਮੋਦੀ ਦੇ ਨਾਮਜ਼ਦਗੀ ਦੇ ਪ੍ਰਸਤਾਵਕ ਸਨ। ਮੋਦੀ ਨੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਰੋਡ ਸ਼ੋਅ ਵੀ ਕੀਤਾ। ਇਸ ਸੀਟ ਤੋਂ ਉਨ੍ਹਾਂ ਦੇ ਖਿਲਾਫ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਚੋਣ ਲੜ ਰਹੇ ਹਨ, ਜਿਨ੍ਹਾਂ ਨੇ ਕੱਲ੍ਹ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਸੀ। ਇਸ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਅਜੇ ਰਾਏ ਵੀ ਮੋਦੀ ਚੁਣੌਤੀ ਦੇ ਰਹੇ ਹਨ।

ਹੰਬੜਾਂ ਲਾਗੇ ਬਿਜਲੀ ਦੀ ਚੰਗੀਆੜੀ ਤੋਂ ਸੌ ਏਕੜ ਤੋਂ ਉਪਰ ਕਿਸਾਨਾਂ ਦਾ ਸੋਨਾ ਸੜ ਕੇ ਸੁਆਹ

ਹੰਬੜਾਂ, 24 ਅਪ੍ਰੈਲ (ਸਲੇਮਪੁਰੀ)-ਇਹ ਖ਼ਬਰ ਬੜੀ ਅਫ਼ਸੋਸ ਵਾਲੀ ਹੈ ਕਿ ਅੱਜ ਦੁਪਹਿਰ ਵੇਲੇ ਇੱਥੇ ਹੰਬੜਾਂ-ਭੱਠਾ ਧੂਹਾ-ਵਲੀਪੁਰ ਕਲਾਂ ਸੰਪਰਕ ਸੜਕ 'ਤੇ 100 ਏਕੜ ਤੋਂ ਉਪਰ ਕਣਕ ਦੀ ਖੜ੍ਹੀ ਫ਼ਸਲ ਅਚਾਨਕ ਸੜ ਕੇ ਸੁਆਹ ਹੋ ਜਾਣ ਦੀ ਖ਼ਬਰ ਹੈ, ਜਿਸ ਨਾਲ ਭਾਰੀ ਮਾਲੀ ਨੁਕਸਾਨ ਹੋ ਗਿਆ। ਮੌਕੇ 'ਤੇ ਜਾਣਕਾਰੀ ਮੁਤਾਬਿਕ ਅੱਜ ਦੁਪਹਿਰ ਵੇਲੇ ਇੱਥੇ ਹੰਬੜਾਂ-ਭੱਠਾ ਧੂਹਾ-ਵਲੀਪੁਰ ਕਲਾਂ ਸੰਪਰਕ ਸੜਕ 'ਤੇ ਖੇਤਾਂ ਵਿਚੋਂ ਲੰਘਦੀ 11 ਹਜ਼ਾਰ ਵੋਲਟਜ਼ 24 ਘੰਟੇ ਸਪਲਾਈ ਵਾਲੀ ਸਵਿੱਚ ਤੋਂ ਬਿਜਲੀ ਸਰਕਟ ਨਾਲ ਪਲਾਂ 'ਚ ਕਈ ਏਕੜ ਕਣਕ ਦੇ ਖੇਤਾਂ ਨੂੰ ਅੱਗ ਦੀਆਂ ਲਾਟਾਂ ਨੇ ਆਪਣੀ ਲਪੇਟ 'ਚ ਲੈ ਲਿਆ। ਲਾਗਲੇ ਪਿੰਡਾਂ 'ਚ ਗੁਰਦੁਆਰਿਆਂ ਰਾਹੀਂ ਅਨਾਊਂਸਮੈਂਟਾਂ ਕਰਕੇ ਘਟਨਾ ਵਾਲੀ ਥਾਂ 'ਤੇ ਕਰੀਬ 9-10 ਪਿੰਡਾਂ ਦੇ ਲੋਕ ਆਪਣੇ-ਆਪਣੇ ਸਾਧਨਾਂ ਰਾਹੀਂ ਅੱਗ ਬਝਾਉਣ ਲਈ ਜੁੱਟ ਗਏ ਫ਼ਿਰ ਵੀ ਕਰੀਬ 100 ਏਕੜ ਤੋਂ ਉਪਰ ਕਣਕ ਸੜ ਕੇ ਸੁਆਹ ਹੋ ਗਈ। ਪਤਾ ਲੱਗਾ ਕਿ ਕਿਸਾਨ ਬਲਵੀਰ ਸਿੰਘ ਦੇ 14 ਏਕੜ (ਠੇਕੇ 'ਤੇ ਫ਼ਸਲ ਬੀਜੀ), ਬਲਜੀਤ ਸਿੰਘ ਬਲੋਕੇ-12 ਏਕੜ, ਭਜਨ ਸਿੰਘ-3 ਏਕੜ, ਪਿਆਰਾ ਸਿੰਘ-2, ਸੁਰਜੀਤ ਸਿੰਘ-6, ਬਲਵਿੰਦਰ ਸਿੰਘ-16, ਲਾਲ ਸਿੰਘ-6 ਏਕੜ, ਭਜਨ ਸਿੰਘ-2 ਏਕੜ, ਗੁਰਬਚਨ ਸਿੰਘ-4, ਏਕੜ ਬਲਵਿੰਦਰ ਸਿੰਘ-2 ਏਕੜ, ਮੁਲਾਜ਼ਮ ਬਲਵਿੰਦਰ ਸਿੰਘ-9 ਏਕੜ, ਪਿਆਰਾ ਸਿੰਘ ਹੰਬੜਾਂ-13 ਏਕੜ ਅਤੇ ਕਿਸਾਨਾਂ ਦੇ ਸੋਨੇ ਵਰਗੀ ਫ਼ਸਲ ਅੱਗ ਦੀ ਭੇਂਟ ਚੜ੍ਹੀ ਜਿਸ ਨਾਲ ਭਾਰੀ ਮਾਲੀ ਨੁਕਸਾਨ ਹੋਇਆ। ਇਸ ਮੌਕੇ ਕੁੱਝ ਕਿਸਾਨਾਂ ਆਪਣੀ ਜਾਨ ਜੋਖ਼ਮ 'ਚ ਪਾ ਕੇ ਤੇਜ਼ੀ ਨਾਲ ਲੱਗੀ ਅੱਗ 'ਤੇ ਮਸਾਂ ਕਾਬੂ ਪਾਇਆ ਤੇ ਹੋਰ ਨੁਕਸਾਨ ਹੋਣ 'ਤੇ ਬਚਾਅ ਲਿਆ। ਪਰ ਲੋਕਾਂ ਅੰਦਰ ਉਦੋਂ ਰੋਸ ਪਾਇਆ ਗਿਆ ਜਦ ਫ਼ਾਇਰ ਬ੍ਰਿਗੇਡ ਦੀ ਗੱਡੀ ਕਰੀਬ ਦੇਰੀ ਨਾਲ ਪੁੱਜੀ ਅਤੇ ਕਿਸਾਨਾਂ ਨਾਲ ਹਮਦਰਦੀ ਕਰਨ ਲਈ ਪ੍ਰਸ਼ਾਸਨ ਅਧਿਕਾਰੀ ਕੋਈ ਨਾ ਪੁੱਜਾ। ਕਿਸਾਨਾਂ ਨੇ ਸਰਕਾਰ ਤੋਂ ਮਾਲੀ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਕੀਤੀ।

ਕੇਜਰੀਵਾਲ ਵਿਸ਼ਵ ਦਾ ਸਭ ਤੋਂ ਵੱਧ ਪ੍ਰਭਾਵਸ਼ਾਲੀ ਵਿਅਕਤੀ-ਟਾਈਮ ਮੈਗਜ਼ੀਨ

ਨਿਊਯਾਰਕ, 24 ਅਪ੍ਰੈਲ (ਏਜੰਸੀ)- ਆਮ ਆਦਮੀ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ ਨੇ ਭਾਜਪਾ ਦੇ ਨਰਿੰਦਰ ਮੋਦੀ ਸਮੇਤ ਦੁਨੀਆ ਭਰ ਦੇ ਸਿਰਕੱਢ ਵਿਅਕਤੀਆਂ ਨੂੰ ਪਛਾੜ ਕੇ ਅਮਰੀਕੀ ਰਸਾਲੇ 'ਟਾਈਮ' ਦੇ ਪਾਠਕਾਂ ਦੇ ਸਰਵੇਖਣ ਵਿਚ ਦੁਨੀਆ ਦੇ ਸਭ ਤੋਂ ਵੱਧ ਪ੍ਰਭਾਵਸ਼ਾਲੀ ਵਿਅਕਤੀ ਦਾ ਖ਼ਿਤਾਬ ਜਿੱਤ ਲਿਆ। ਦਰਅਸਲ 'ਟਾਈਮ 100 ਰੀਡਰਜ਼ ਪੋਲ' ਕੇਜਰੀਵਾਲ ਤੇ ਮੋਦੀ ਦਰਮਿਆਨ ਮੁਕਾਬਲਾ ਬਣ ਗਿਆ ਸੀ। 45 ਸਾਲਾਂ ਦੇ ਕੇਜਰੀਵਾਲ ਪਾਠਕ ਸਰਵੇਖਣ '2014-ਟਾਈਮ 100' ਵਿਚ ਪਹਿਲੇ ਸਥਾਨ 'ਤੇ ਰਹੇ। ਇਹ ਦੁਨੀਆ ਦੇ 100 ਅਜਿਹੇ ਵਿਅਕਤੀਆਂ ਦੀ ਸੂਚੀ ਹੈ ਜਿਨ੍ਹਾਂ ਨੇ ਪਿਛਲੇ ਸਾਲ ਦੌਰਾਨ ਦੁਨੀਆ ਵਿਚ ਸਾਕਾਰਾਤਮਕ ਤੇ ਨਾਕਾਰਾਤਮਕ ਰੂਪ ਨਾਲ ਸਭ ਤੋਂ ਵੱਧ ਪ੍ਰਭਾਵਿਤ ਕੀਤਾ। ਕੇਜਰੀਵਾਲ ਨੂੰ ਟਾਈਮ ਪਾਠਕਾਂ ਦੀਆਂ 2,61,114 'ਹਾਂ' (ਸਾਕਾਰਾਤਮਕ) ਵੋਟਾਂ ਮਿਲੀਆਂ ਜਦਕਿ ਦੂਜੇ ਸਥਾਨ 'ਤੇ ਰਹੇ ਮੋਦੀ ਲਗਭਗ 1 ਲੱਖ ਵੋਟਾਂ ਨਾਲ ਕੇਜਰੀਵਾਲ ਤੋਂ ਪੱਛੜ ਗਏ। ਮੋਦੀ ਨੂੰ 1,64,572 'ਹਾਂ' (ਸਾਕਾਰਾਤਮਕ) ਵੋਟਾਂ ਮਿਲੀਆਂ। 'ਟਾਈਮ 100' ਸੂਚੀ ਵਿਚ ਪਹਿਲੇ ਸਥਾਨ 'ਤੇ 'ਆਪ' ਦੇ ਨੇਤਾ ਅਰਵਿੰਦ ਕੇਜਰੀਵਾਲ ਤੇ ਦੂਜੇ ਸਥਾਨ 'ਤੇ ਭਾਜਪਾ ਦੇ ਨੇਤਾ ਨਰਿੰਦਰ ਮੋਦੀ ਰਹੇ। ਇਨ੍ਹਾਂ ਤੋਂ ਬਾਅਦ ਚੋਟੀ ਦੇ 10 ਸਥਾਨਾਂ 'ਤੇ ਕ੍ਰਮਵਾਰ ਗਾਇਕਾ ਕੇਟੀ ਪੇਰੀ, ਗਾਇਕ ਜਸਟਿਨ ਬੀਬਰ, ਅਦਾਕਾਰਾ ਲਾਵਰਨੇ ਕੋਕਸ, ਅਦਾਕਾਰ ਬੈਨੇਡਿਕਟ ਕੰਬਰਬੈਚ, ਗਾਇਕਾ ਬਿਓਨਸ, ਅਦਾਕਾਰ ਜਾਰੇਡ ਲੇਟਾ, ਅਦਾਕਾਰਾ ਲੁਪਿਤਾ ਐਨਯੋਂਗਓ, ਗਾਇਕਾ ਲੇਡੀ ਗਾਗਾ ਤੇ ਸੰਗੀਤਕਾਰ ਡਾਫਟ ਪੰਕ ਰਹੇ। 'ਟਾਈਮ' ਅਨੁਸਾਰ ਕੇਟੀ ਪੇਰੀ, ਜਸਟਿਨ ਬੀਬਰ ਵਰਗੀਆਂ ਸ਼ਖਸੀਅਤਾਂ ਵੀ ਪਾਠਕਾਂ ਦੀ ਪਸੰਦ ਵਿਚ ਉਪਰ ਰਹੀਆਂ ਪਰ ਸਰਵੇਖਣ ਭਾਰਤ ਵਿਚ ਜਾਰੀ ਚੋਣਾਂ ਵਿਚ ਮੁਕਾਬਲਾ ਕਰ ਰਹੇ 'ਦੋ ਆਦਮੀਆਂ ਦਰਮਿਆਨ ਮੁਕਾਬਲੇ' ਵਿਚ ਬਦਲ ਗਿਆ। ਅਮਰੀਕੀ ਰਸਾਲੇ ਨੇ ਕਿਹਾ ਕਿ ਇਕ ਸੰਸਦੀ ਸੀਟ ਦੇ ਉਮੀਦਵਾਰ ਕੇਜਰੀਵਾਲ ਭਾਰਤ ਵਿਚ ਭ੍ਰਿਸ਼ਟਾਚਾਰ ਰੋਕੂ ਅੰਦੋਲਨ ਦੇ ਨੇਤਾ ਦੇ ਰੂਪ ਵਿਚ ਮੁੱਖ ਤੌਰ 'ਤੇ ਉੱਭਰੇ। 'ਟਾਈਮ' ਅਨੁਸਾਰ ਅੰਤਿਮ ਨਤੀਜਿਆਂ ਵਿਚ ਸਿਰਫ਼ ਜਾਇਜ਼ ਵੋਟਾਂ ਹੀ ਸਵੀਕਾਰ ਕੀਤੀਆਂ ਗਈਆਂ। ਇਸ ਸਰਵੇਖਣ ਵਿਚ ਪਾਠਕਾਂ ਨੇ ਵੋਟਾਂ ਪਾ ਕੇ ਦੱਸਿਆ ਕਿ ਕਿਹੜੇ ਵਿਅਕਤੀਆਂ ਨੂੰ 'ਟਾਈਮ 100' ਸੂਚੀ ਵਿਚ ਸ਼ਾਮਿਲ ਕੀਤਾ ਜਾਵੇ ਤੇ ਕਿਹੜੇ ਵਿਅਕਤੀਆਂ ਨੂੰ ਸ਼ਾਮਿਲ ਨਾ ਕੀਤਾ ਜਾਵੇ। ਮੋਦੀ ਨੂੰ ਪਾਠਕਾਂ ਤੋਂ 1,66,260 'ਨਾਂਹ' (ਨਾਕਾਰਾਤਮਕ) ਵੋਟਾਂ ਮਿਲੀਆਂ ਜਿਸ ਦਾ ਮਤਲਬ ਸੀ ਕਿ ਮੋਦੀ ਨੂੰ ਸੂਚੀ ਵਿਚ ਨਾ ਸ਼ਾਮਿਲ ਕੀਤਾ ਜਾਵੇ। ਇਸ ਤੋਂ ਬਿਨਾਂ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੂੰ ਕੁੱਲ 96,070 ਵੋਟਾਂ ਮਿਲੀਆਂ ਜਿਨ੍ਹਾਂ ਵਿਚੋਂ 16.5 ਫੀਸਦੀ 'ਹਾਂ' ਤੇ 83.5 ਫੀਸਦੀ ਪਾਠਕਾਂ ਨੇ 'ਨਾਂਹ' ਵਿਚ ਵੋਟਾਂ ਪਾਈਆਂ। ਇਸ ਸਰਵੇਖਣ ਵਿਚ ਕੁੱਲ 32 ਲੱਖ ਵੋਟਾਂ ਪਾਈਆਂ ਗਈਆਂ। ਜੇਤੂ ਵਿਅਕਤੀ ਦਾ ਫੈਸਲਾ 'ਹਾਂ' (ਸਾਕਾਰਾਤਮਕ) ਵੋਟਾਂ ਨਾਲ ਕੀਤਾ ਗਿਆ।

Tuesday, 22 April 2014

ਪਾਕਿਸਤਾਨ ਵਿਚ ਬੰਬ ਧਮਾਕੇ ਤੇ ਗੋਲੀਬਾਰੀ 'ਚ 9 ਹਲਾਕ

ਪੇਸ਼ਾਵਰ 22 ਅਪ੍ਰੈਲ (ਏਜੰਸੀ)-ਪਾਕਿਸਤਾਨ ਦੇ ਹਿੰਸਾਗ੍ਰਸਤ ਉੱਤਰ ਪੱਛਮੀ ਖੇਤਰ ਵਿਚ ਬੰਬ ਚੱਲਣ ਤੇ ਗੋਲੀਬਾਰੀ ਦੀਆਂ ਘਟਨਾਵਾਂ ਵਿਚ ਕੁਝ ਪੁਲਿਸ ਵਾਲਿਆਂ ਸਮੇਤ 9 ਵਿਅਕਤੀ ਮਾਰੇ ਗਏ। ਖੈਬਰ ਪਖਤੂਨਖਵਾ ਰਾਜ ਦੇ ਚਰਸਾਡਾ ਜਿਲ੍ਹੇ ਵਿਚ ਹੋਏ ਬੰਬ ਧਮਾਕੇ ਵਿਚ 3 ਵਿਅਕਤੀ ਮਾਰੇ ਗਏ ਤੇ 12 ਪੁਲਿਸ ਮੁਲਾਜ਼ਮਾਂ ਸਮੇਤ 33 ਹੋਰ ਜ਼ਖਮੀ ਹੋ ਗਏ। ਸੀਨੀਅਰ ਪੁਲਿਸ ਅਧਿਕਾਰੀ ਸ਼ਫੀਉਲ੍ਹਾ ਖਾਨ ਨੇ ਦਸਿਆ ਕਿ ਅਣਪਛਾਤੇ ਵਿਅਕਤੀਆਂ ਵੱਲੋਂ ਪੁਲਿਸ ਹੈੱਡਕੁਆਰਟਰ ਨੇੜੇ ਮੋਟਰ ਸਾਇਕਲ ਉਪਰ ਬੰਬ ਰਖਿਆ ਗਿਅ ਸੀ ਜੋ ਚੱਲਣ ਨਾਲ ਜਬਰਦਸਤ ਧਮਾਕਾ ਹੋਇਆ। ਇਸ ਤੋਂ ਇਲਾਵਾ ਪੇਸ਼ਾਵਰ ਦੇ ਬਾਹਰਵਾਰ ਗਸ਼ਤੀ ਪੁਲਿਸ ਪਾਰਟੀ ਉਪਰ ਕੀਤੇ ਹਮਲੇ 'ਚ 5 ਪੁਲਿਸ ਦੇ ਜਵਾਨਾਂ ਸਮੇਤ 6 ਵਿਅਕਤੀ ਮਾਰੇ ਗਏ।

1984 ਸਿੱਖ ਵਿਰੋਧੀ ਦੰਗਿਆਂ 'ਚ ਸਰਕਾਰ-ਪੁਲਿਸ ਦੇ ਵਿਚਕਾਰ ਸੀ ਮੇਲ-ਜੋਲ - ਕੋਬਰਾਪੋਸਟ

ਨਵੀਂ ਦਿੱਲੀ, 22 ਅਪ੍ਰੈਲ (ਏਜੰਸੀ)- ਸਾਲ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਬਾਰੇ 'ਚ ਇਕ ਸਨਸਨੀਖੇਜ਼ ਖੁਲਾਸਾ ਸਾਹਮਣੇ ਆਇਆ ਹੈ। ਕੋਬਰਾਪੋਸਟ ਦੇ ਇਸ ਸਟਿੰਗ ਆਪ੍ਰੇਸ਼ਨ 'ਚ ਇਹ ਦਾਅਵਾ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਪੁਲਿਸ ਨੇ ਕਾਂਗਰਸ ਸਰਕਾਰ ਦੇ ਸਾਹਮਣੇ ਖੁੱਦ ਨੂੰ ਸਹੀ ਸਾਬਤ ਕਰਨ ਲਈ ਦੰਗੇ ਕਰਨ ਵਾਲਿਆ ਦੇ ਖਿਲਾਫ ਕਾਰਵਾਈ ਕਰਨ ਤੋਂ ਮਨ੍ਹਾਂ ਕਰ ਦਿੱਤਾ ਸੀ। ਖੁਲਾਸਾ ਇਹ ਵੀ ਹੋਇਆ ਹੈ ਕਿ ਇਕ ਤਰ੍ਹਾਂ ਪੁਲਿਸ ਫੋਰਸ ਖੁੱਦ ਵੀ ਸੰਪਰਦਾਇਕ ਹੋ ਗਈ ਸੀ। 1984 'ਚ ਦੰਗਿਆਂ ਦੇ ਸਮੇਂ ਦਿੱਲੀ ਪੁਲਿਸ 'ਚ ਤਾਇਨਾਤ ਕੁਝ ਪੁਲਿਸ ਅਧਿਕਾਰੀਆਂ ਦੀ ਇੰਟਰਵਿਊ 'ਚ ਖੁਲਾਸਾ ਹੋਇਆ ਹੈ ਕਿ ਕਿਸ ਤਰ੍ਹਾਂ ਪੁਲਿਸ ਨੇ ਦੰਗਾ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਕਰਨ ਤੋਂ ਇਨਕਾਰ ਕੀਤਾ ਸੀ। ਉਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਉਹ ਕਾਂਗਰਸ ਦਾ ਸਮਰਥਨ ਕਰ ਰਹੇ ਸਨ ਅਤੇ ਉਹ ਵੀ ਸੰਪਰਦਾਇਕ ਹੋ ਗਏ ਸਨ। ਕੋਬਰਾਪੋਸਟ ਦਾ ਦਾਅਵਾ ਹੈ ਕਿ ਇਸ ਦੌਰਾਨ ਪੁਲਿਸ ਅਤੇ ਸਰਕਾਰ ਆਪਸ ਵਿਚ ਮਿਲੇ ਹੋਏ ਸਨ।

ਹਾਰ ਤੋਂ ਬਾਅਦ ਵੀ ਇਕਜੁਟ ਰਹੇਗਾ ਸਾਂਝਾ ਪ੍ਰਗਤੀਸ਼ੀਲ ਗਠਜੋੜ- ਪਵਾਰ

ਮੁੰਬਈ, 22 ਅਪ੍ਰੈਲ (ਏਜੰਸੀ)-ਲੋਕ ਸਭਾ ਚੋਣ ਦੇ ਬਾਅਦ ਸਾਂਝਾ ਪ੍ਰਗਤੀਸ਼ੀਲ ਗਠਜੋੜ-3 ਦੀ ਸਰਕਾਰ ਬਣਨ ਦਾ ਵਿਸ਼ਵਾਸ ਵਿਅਕਤ ਕਰਦੇ ਹੋਏ ਰਾਸ਼ਟਰੀ ਕਾਂਗਰਸ ਪਾਰਟੀ ਦੇ ਪ੍ਰਧਾਨ ਸ਼ਰਦ ਪਵਾਰ ਨੇ ਕਿਹਾ ਹੈ ਕਿ ਜੇਕਰ ਹਾਰ ਵੀ ਹੋਈ ਤਦ ਵੀ ਸਾਂਝਾ ਪ੍ਰਗਤੀਸ਼ੀਲ ਗਠਜੋੜ ਇਕਜੁਟ ਹੀ ਰਹੇਗਾ ਤੇ ਕਾਂਗਰਸ ਝਟਕੇ ਤੋਂ ਉਭਰ ਆਵੇਗੀ। ਕੇਂਦਰੀ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਨੇ ਇਕ ਮੁਲਾਕਾਤ 'ਚ ਕਿਹਾ ਕਿ ਸਭ ਤੋਂ ਪਹਿਲਾਂ ਮੈਨੂੰ ਨਹੀਂ ਲੱਗਦਾ ਕਿ ਚੋਣ ਦੇ ਬਾਅਦ ਸਾਂਝਾ ਪ੍ਰਗਤੀਸ਼ੀਲ ਗਠਜੋੜ-3 ਨਹੀਂ ਆਵੇਗਾ। ਇਹ ਇਕੱਲੀ ਕਾਂਗਰਸ ਦੀ ਤਾਕਤ ਨਾਲ ਨਹੀਂ ਬਲਕਿ ਹੋਰ ਦਲਾਂ ਦੇ ਸਮਰਥਨ ਨਾਲ ਹੋਵੇਗਾ। ਜੇਕਰ ਰਾਸ਼ਟਰੀ ਜਨਤੰਤ੍ਰਿਕ ਗਠਜੋੜ ਦੀ ਸਰਕਾਰ ਬਣਦੀ ਹੈ ਤਦ ਵੀ ਗਠਜੋੜ 100 ਫੀਸਦੀ ਇਕਜੁਟ ਹੀ ਰਹੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਅਜੀਬ ਪਾਰਟੀ ਹੈ। ਉਸ ਨੂੰ ਝਟਕਾ ਲੱਗਦਾ ਹੈ ਤਾਂ ਉਹ ਉਸ ਤੋਂ ਉਭਰ ਜਾਂਦੀ ਹੈ। ਜੇਕਰ ਅਜਿਹੀ ਸਥਿਤੀ ਆਉਂਦੀ ਹੈ ਜਦੋਂ ਕਾਂਗਰਸ ਨੂੰ ਵਿਰੋਧੀ ਦਲ ਵਜੋਂ ਬੈਠਣਾ ਪੈਂਦਾ ਹੈ ਤਦ ਵਧੀਆ ਨੇਤਾਵਾਂ ਦਾ ਦਲ ਰਾਹੁਲ ਦੀ ਅਗਵਾਈ 'ਚ ਕੰਮ ਕਰੇਗਾ।

ਸ਼ੇਰਪੁਰ ਪੁਲਿਸ ਵੱਲੋਂ 55 ਕਿੱਲੋ ਭੁੱਕੀ ਸਣੇ ਇਕ ਕਾਬੂ

ਸ਼ੇਰਪੁਰ, 22 ਅਪ੍ਰੈਲ (ਦਰਸ਼ਨ ਸਿੰਘ ਖੇੜੀ) - ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੁਲਿਸ ਜ਼ਿਲ੍ਹਾ ਸੰਗਰੂਰ ਦੇ ਐਸ.ਐਸ.ਪੀ ਸ: ਮਨਦੀਪ ਸਿੰਘ ਸਿੱਧੂ ਵੱਲੋ ਜ਼ਿਲ੍ਹੇ ਅੰਦਰ ਨਸ਼ਿਆਂ ਦੇ ਖਿਲਾਫ਼ ਛੇੜੀ ਗਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਥਾਣਾ ਸ਼ੇਰਪੁਰ ਦੇ ਪੁਲਿਸ ਮੁਖੀ ਇੰਸਪੈਕਟਰ ਬਿੱਕਰ ਸਿੰਘ ਸੋਹੀ ਦੀ ਅਗਵਾਈ ਹੇਠ ਏ.ਐਸ.ਆਈ. ਮੇਜਰ ਸਿੰਘ ਨੇ ਕੁਲਵੰਤ ਸਿੰਘ ਲੀਲ੍ਹਾ ਵਾਸੀ ਟਿੱਬਾ ਤੋਂ 55 ਕਿੱਲੋ ਭੁੱਕੀ ਚੂਰਾ ਪੋਸਤ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਥਾਣਾ ਮੁਖੀ ਨੇ ਦੱਸਿਆ ਕਿ ਏ.ਐਸ.ਆਈ ਮੇਜਰ ਸਿੰਘ ਨੇ ਪਿੰਡ ਟਿੱਬਾ ਵਿਖੇ ਨਾਕਾ ਲਗਾਇਆ ਹੋਇਆ ਸੀ ਅਤੇ ਕੁਲਵੰਤ ਸਿੰਘ ਆਪਣੀ ਬਲੈਰੋ ਗੱਡੀ ਵਿਚ ਆ ਰਿਹਾ ਸੀ ਜਦੋਂ ਇਸ ਦੀ ਗੱਡੀ ਦੀ ਤਲਾਸ਼ੀ ਕੀਤੀ ਤਾਂ ਪਿਛਲੀ ਸੀਟ ਤੋਂ ਭੁੱਕੀ ਬਰਾਮਦ ਕੀਤੀ ਗਈ । ਉਕਤ ਵਿਅਕਤੀ ਦੇ ਖਿਲਾਫ਼ ਥਾਣਾ ਸ਼ੇਰਪੁਰ ਵਿਖੇ ਐਨ.ਡੀ.ਪੀ.ਸੀ ਐਕਟ ਅਧੀਨ ਮੁਕੱਦਮਾ ਦਰਜ਼ ਕੀਤਾ ਗਿਆ ਹੈ ।

6ਵੇਂ ਪੜਾਅ ਵਿਚ 12 ਰਾਜਾਂ ਦੀਆਂ 117 ਸੀਟਾਂ 'ਤੇ ਚੋਣ ਪ੍ਰਚਾਰ ਖਤਮ-ਵੋਟਾਂ ਕੱਲ੍ਹ

ਨਵੀਂ ਦਿੱਲੀ 22 ਅਪ੍ਰੈਲ (ਏਜੰਸੀ)-12 ਰਾਜਾਂ ਤੇ ਇਕ ਕੇਂਦਰ ਸ਼ਾਸ਼ਤ ਖੇਤਰ ਦੀਆਂ 117 ਲੋਕਾਂ ਸਭਾ ਸੀਟਾਂ 'ਤੇ ਚੋਣ ਪ੍ਰਚਾਰ ਲੰਘੀ ਸ਼ਾਮ ਖਤਮ ਹੋ ਗਿਆ ਜਿਥੇ 6 ਵੇਂ ਗੇੜ ਤਹਿਤ ਵੋਟਾਂ 24 ਅਪ੍ਰੈਲ (ਵੀਰਵਾਰ) ਨੂੰ ਪੈਣਗੀਆਂ। ਇਸ ਗੇੜ ਤਹਿਤ ਦੱਖਣੀ ਰਾਜ ਤਾਮਿਲਨਾਡੂ ਦੀਆਂ 39 ਲੋਕ ਸਭਾ ਸੀਟਾਂ ਉਪਰ ਵੀ ਵੋਟਾਂ ਪੈਣਗੀਆਂ। ਇਥੇ ਕਾਂਗਰਸ ਇਕੱਲੇ ਹੀ ਚੋਣ ਲੜ ਰਹੀ ਹੈ ਜਦ ਕਿ ਭਾਜਪਾ ਨੇ ਕੋਈ ਅੱਧੀ ਦਰਜਨ ਪਾਰਟੀਆਂ ਨਾਲ ਗਠਜੋੜ ਕੀਤਾ ਹੈ। ਸੱਤਾਧਾਰੀ ਆਲ ਇੰਡੀਆ ਅੰਨਾ ਡੀ.ਐਮ.ਕੇ ਨੇ ਸ਼ੁਰੂ ਵਿਚ ਖੱਬੀਆਂ ਪਾਰਟੀਆਂ ਨਾਲ ਸਮਝੌਤਾ ਕੀਤਾ ਸੀ ਪਰ ਬਾਅਦ ਵਿਚ ਇਹ ਸਮਝੌਤਾ ਟੁੱਟ ਗਿਆ ਸੀ। ਤਾਮਿਲਨਾਡੂ ਤੋਂ ਇਲਾਵਾ ਉਤਰ ਪ੍ਰਦੇਸ਼ ਦੀਆਂ 12 ਸੀਟਾਂ ਉਪਰ ਵੀ 24 ਅਪ੍ਰੈਲ ਨੂੰ ਵੋਟਾਂ ਪੈਣਗੀਆਂ। 6ਵੇਂ ਗੇੜ ਤਹਿਤ ਜਿਨ੍ਹਾਂ ਉਮੀਦਵਾਰਾਂ ਦੀ ਕਿਸਮਤ ਬਿਜਲਈ ਵੋਟਿੰਗ ਮਸ਼ੀਨਾਂ ਵਿਚ ਬੰਦ ਹੋ ਜਾਵੇਗੀ ਉਨ੍ਹਾਂ ਵਿਚ ਭਾਜਪਾ ਉਮੀਦਵਾਰ ਹੇਮਾ ਮਾਲਨੀ ਵੀ ਸ਼ਾਮਿਲ ਹੈ ਜੋ ਮਥੁਰਾ ਤੋਂ ਆਰ.ਐਲ.ਡੀ ਦੇ ਮੌਜੂਦਾ ਸੰਸਦ ਮੈਂਬਰ ਜੈਅੰਤ ਚੌਧਰੀ ਵਿਰੁੱਧ ਚੋਣ ਲ਼ੜ ਰਹੀ ਹੈ। ਹੋਰ ਆਗੂਆਂ ਵਿਚ ਸਾਬਕਾ ਸਮਾਜਵਾਦੀ ਪਾਰਟੀ ਆਗੂ ਅਮਰ ਸਿੰਘ ਸ਼ਾਮਿਲ ਹਨ ਜੋ ਰਾਸ਼ਟਰੀ ਲੋਕ ਦਲ (ਆਰ.ਐਲ.ਡੀ) ਵਿਚ ਸ਼ਾਮਿਲ ਹੋ ਗਏ ਸਨ ਜਿਸ ਦਾ ਕਾਂਗਰਸ ਨਾਲ ਗਠਜੋੜ ਹੈ। ਉਹ ਫਤਹਿਪੁਰ ਸੀਕਰੀ ਤੋਂ ਚੋਣ ਲੜ ਰਹੇ ਹਨ। ਮੇਨਪੁਰੀ ਹਲਕੇ ਵਿਚ ਵੀ ਇਸੇ ਗੇੜ ਤਹਿਤ ਵੋਟਾਂ ਪੈਣਗੀਆਂ ਜਿਥੋਂ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਮੁਲਾਇਮ ਸਿੰਘ ਯਾਦਵ ਚੋਣ ਮੈਦਾਨ ਵਿਚ ਹਨ। 6 ਵੇਂ ਗੇੜ ਤਹਿਤ ਮਹਾਰਾਸ਼ਟਰ ਦੇ 19 ਹਲਕਿਆਂ, ਮੱਧ ਪ੍ਰਦੇਸ਼ ਦੇ 10 ਹਲਕਿਆਂ, ਪੱਛਮੀ ਬੰਗਾਲ ਦੇ 6, ਰਾਜਸਥਾਨ ਦੇ 5, ਛੱਤੀਸਗੜ੍ਹ ਦੇ 7, ਅਸਾਮ ਦੇ 6 ਤੇ ਝਾਰਖੰਡ ਦੇ 4 ਲੋਕ ਸਭਾ ਹਲਕਿਆਂ ਤੋਂ ਇਲਾਵਾ ਜੰਮੂ ਕਸ਼ਮੀਰ ਤੇ ਪੁਡੂਚੇਰੀ ਦੀ 1-1 ਸੀਟ ਉਪਰ ਵੀ ਵੋਟਾਂ ਪੈਣਗੀਆਂ।

ਯੂਕ੍ਰੇਨ ਮਸਲਾ: ਰੂਸ 'ਤੇ ਕਾਰਵਾਈ ਕਰਨ ਨੂੰ ਅਮਰੀਕਾ ਤਿਆਰ

ਵਾਸ਼ਿੰਗਟਨ, 22 ਅਪ੍ਰੈਲ (ਏਜੰਸੀ)-ਅਮਰੀਕਾ ਨੇ ਰੂਸ ਨੂੰ ਚੌਕਸ ਕੀਤਾ ਹੈ ਕਿ ਜੇਕਰ ਰੂਸ ਯੂਕ੍ਰੇਨ 'ਤੇ ਆਪਣਾ ਪ੍ਰਭਾਵ ਜਾਰੀ ਰੱਖਦਾ ਹੈ ਤਾਂ ਉਹ ਮਾਸਕੋ ਦੇ ਖ਼ਿਲਾਫ਼ ਅੱਗੇ ਦੀ ਕਾਰਵਾਈ ਕਰਨ ਲਈ ਤਿਆਰ ਹੈ। ਵਾਈਟ ਹਾਊਸ ਦੇ ਪ੍ਰੈੱਸ ਸਕੱਤਰ ਜੇ. ਕਾਰਨੀ ਨੇ ਕਿਹਾ ਕਿ ਰੂਸ ਇਹ ਬਾਖੂਬੀ ਸਮਝਦਾ ਹੈ ਕਿ ਉਸ ਨੇ ਯੂਕ੍ਰੇਨ 'ਚ ਜੋ ਕਾਰਵਾਈ ਕੀਤੀ ਹੈ ਉਸ ਨੂੰ ਲੈ ਕੇ ਅੰਤਰਰਾਸ਼ਟਰੀ ਭਾਈਚਾਰੇ ਦਾ ਇਕ ਹੀ ਦ੍ਰਿਸ਼ਟੀਕੋਣ ਹੈ। ਜੇਕਰ ਰੂਸ ਯੂਕ੍ਰੇਨ 'ਚ ਸਥਿਤੀ ਨੂੰ ਸਥਿਰ ਕਰਨ ਤੇ ਅਸਥਿਰ ਗਤੀਵਿਧੀਆਂ ਨੂੰ ਰੋਕਣ ਲਈ ਕੋਈ ਕਾਰਵਾਈ ਨਹੀਂ ਕਰਦਾ ਤਾਂ ਅਸੀਂ ਸਭ ਰੂਸ ਦੇ ਖ਼ਿਲਾਫ਼ ਕਾਰਵਾਈ ਲਈ ਤਿਆਰ ਖੜ੍ਹੇ ਹਾਂ। ਅਮਰੀਕਾ ਨੇ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ 'ਚ ਰੂਸ ਨੂੰ ਜ਼ਬਤ ਇਮਾਰਤਾਂ ਵਿਚੋਂ ਸੈਨਿਕਾਂ ਨੂੰ ਵਾਪਿਸ ਬੁਲਾਉਣ ਦੀ ਜ਼ਿੰਮੇਵਾਰੀ ਦਾ ਪਾਲਣ ਕਰਨ ਲਈ ਕੋਈ ਕਦਮ ਉਠਾਉਂਦਿਆਂ ਨਹੀਂ ਵੇਖਿਆ ਜਾਂਦਾ ਹੈ ਤਾਂ ਅਸੀਂ ਅੱਗੇ ਦੀ ਕਾਰਵਾਈ ਕਰਨ ਲਈ ਤਿਆਰ ਹਾਂ। ਸ੍ਰੀ ਕਾਰਨੀ ਨੇ ਕਿਹਾ ਕਿ ਅਮਰੀਕਾ ਲਗਾਤਾਰ ਪੂਰਬੀ ਯੂਕ੍ਰੇਨ ਦੀਆਂ ਘਟਨਾਵਾਂ 'ਤੇ ਬਾਰੀਕੀ ਨਾਲ ਨਿਗਰਾਨੀ ਰੱਖ ਰਿਹਾ ਹੈ।

ਦੱਖਣੀ ਕੋਰੀਆ ਕਿਸ਼ਤੀ ਹਾਦਸੇ 'ਚ 100 ਤੋਂ ਵੱਧ ਮੌਤਾਂ ਦੀ ਪੁਸ਼ਟੀ

ਜਿੰਦੋ (ਦੱਖਣੀ ਕੋਰੀਆ), 22 ਅਪ੍ਰੈਲ (ਏਜੰਸੀ)-ਦੱਖਣੀ ਕੋਰੀਆ 'ਚ ਹੋਏ ਕਿਸ਼ਤੀ ਹਾਦਸੇ 'ਚ 100 ਤੋਂ ਵੱਧ ਯਾਤਰੀਆਂ ਦੇ ਮਰਨ ਦੀ ਪੁਸ਼ਟੀ ਹੋਈ ਹੈ ਪਰ ਕਰੀਬ ਇਕ ਹਫਤੇ ਤੋਂ ਚੱਲ ਰਹੇ ਬਚਾਅ ਕਾਰਜਾਂ ਦੇ ਬਾਵਜੂਦ ਵੀ ਅਜੇ ਤੱਕ 198 ਯਾਤਰੀ ਲਾਪਤਾ ਦੱਸੇ ਜਾ ਰਹੇ ਹਨ। ਕੋਸਟਗਾਰਡ ਦੇ ਅੰਕੜਿਆਂ ਮੁਤਾਬਿਕ ਅਧਿਕਾਰਕ ਤੌਰ 'ਤੇ 104 ਯਾਤਰੀਆਂ ਦੀ ਮੌਤ ਹੋਈ ਹੈ ਜਦਕਿ 198 ਲੋਕ ਅਜੇ ਵੀ ਲਾਪਤਾ ਹਨ। ਪਿਛਲੇ ਬੁੱਧਵਾਰ 6825 ਟਨ ਵਜ਼ਨੀ ਕਿਸ਼ਤੀ ਸਮੁੰਦਰ 'ਚ ਡੁੱਬ ਗਈ ਸੀ। ਇਸ 'ਚ 476 ਯਾਤਰੀ ਸਵਾਰ ਸਨ ਜਿਸ 'ਚ ਜ਼ਿਆਦਾਤਰ ਸਕੂਲੀ ਬੱਚੇ ਸਨ। ਇਸ ਹਾਦਸੇ ਤੋਂ ਬਾਅਦ ਕਿਸ਼ਤੀ ਦੇ ਕਪਤਾਨ ਤੇ ਚਾਲਕ ਦਲ ਦੇ ਮੈਂਬਰਾਂ ਸਹਿਤ ਕਰੀਬ 174 ਲੋਕਾਂ ਨੂੰ ਬਚਾ ਲਿਆ ਗਿਆ ਸੀ। ਇਸ ਹਾਦਸੇ 'ਚ ਕਰੀਬ 300 ਮੌਤਾਂ ਹੋਣ ਦੀ ਸੰਭਾਵਨਾ ਹੈ।

Monday, 21 April 2014

'ਟਾਈਮ' ਦੇ ਸਰਵੇ 'ਚ ਕੇਜਰੀਵਾਲ ਨੇ ਮੋਦੀ ਨੂੰ ਪਛਾੜਿਆ

ਨਵੀਂ ਦਿੱਲੀ, 21 ਅਪ੍ਰੈਲ (ਏਜੰਸੀ)- ਅਮਰੀਕੀ ਮੈਗਜ਼ੀਨ 'ਟਾਈਮ' ਦਾ ਨਵਾਂ ਸਰਵੇਖਣ ਸਾਹਮਣੇ ਆਇਆ ਹੈ। ਇਸ ਸਰਵੇਖਣ ਅਨੁਸਾਰ ਭਾਜਪਾ ਵਲੋਂ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਆਮ ਆਦਮੀ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ ਤੋਂ ਪੱਛੜਦੇ ਨਜ਼ਰ ਆ ਰਹੇ ਹਨ। ਮੈਗਜ਼ੀਨ ਦੀ ਵੈੱਬਸਾਈਟ 'ਤੇ ਪਾਪੂਲਰ ਵੋਟਾਂ ਦੀ ਸ਼੍ਰੇਣੀ ਵਿਚ ਕੇਜਰੀਵਾਲ ਦੇ ਮੁਕਾਬਲੇ ਮੋਦੀ ਨੂੰ ਕਾਫ਼ੀ ਘੱਟ ਵੋਟਾਂ ਮਿਲੀਆਂ ਹਨ। 'ਟਾਈਮ' ਦੀ ਵੈੱਬਸਾਈਟ 'ਤੇ ਵੋਟਰਾਂ ਕੋਲੋਂ ਪੁੱਛਿਆ ਗਿਆ ਕਿ ਕੀ ਇਸ ਵਿਅਕਤੀ ਨੂੰ ਦੁਨੀਆ ਦੇ ਸਿਖਰਲੇ 100 ਪ੍ਰਭਾਵਸ਼ਾਲੀ ਵਿਅਕਤੀਆਂ ਦੀ ਸੂਚੀ ਵਿਚ ਸ਼ਾਮਿਲ ਕਰ ਲਿਆ ਜਾਵੇ ਜਾਂ ਨਹੀਂ। ਐਤਵਾਰ ਰਾਤ ਤੱਕ ਕੇਜਰੀਵਾਲ ਨੂੰ 87 ਫੀਸਦੀ 'ਹਾਂ' ਵਿਚ ਵੋਟਾਂ ਮਿਲੀਆਂ ਜਦਕਿ 13 ਫੀਸਦੀ ਲੋਕਾਂ ਨੇ 'ਨਾਂਹ' ਵਿਚ ਵੋਟਾਂ ਪਾਈਆਂ। ਕੇਜਰੀਵਾਲ ਦੇ ਪੱਖ ਵਿਚ ਤੇ ਵਿਰੋਧ ਵਿਚ ਪਈਆਂ ਕੁੱਲ ਵੋਟਾਂ ਦੀ ਗਿਣਤੀ ਲਗਭਗ 1 ਲੱਖ, 30 ਹਜ਼ਾਰ ਹੈ। ਦੂਜੇ ਪਾਸੇ, ਐਤਵਾਰ ਦੇਰ ਰਾਤ ਤੱਕ ਮੋਦੀ ਨੂੰ ਲਗਭਗ 38 ਫੀਸਦੀ ਵੋਟਾਂ 'ਹਾਂ' ਵਿਚ ਤੇ 62 ਫੀਸਦੀ ਵੋਟਾਂ 'ਨਾਂਹ' ਵਿਚ ਪਾ ਕੇ ਆਪਣਾ ਜਵਾਬ ਦਿੱਤਾ। ਮੋਦੀ ਨੂੰ ਮਿਲੀਆਂ ਕੁੱਲ ਵੋਟਾਂ ਦੀ ਗਿਣਤੀ ਲਗਭਗ 68 ਹਜ਼ਾਰ ਹੈ। ਭਾਰਤੀ ਸਰਵੇਖਣਾਂ ਵਿਚ ਛਾਏ ਮੋਦੀ ਦੀ ਇਸ ਰੈਕਿੰਗ 'ਨਾਂਹ' ਦੀ ਸ਼੍ਰੇਣੀ ਵਿਚ 10 ਦੇ ਪੈਮਾਨੇ ਵਿਚ 6 ਦੇ ਬਿੰਦੂ ਦੇ ਨੇੜੇ ਹੈ। ਵਰਣਨਯੋਗ ਹੈ ਕਿ ਇਹ ਵੋਟਿੰਗ 22 ਅਪ੍ਰੈਲ ਨੂੰ ਬੰਦ ਹੋਵੇਗੀ ਜਦਕਿ ਫਾਈਨਲ ਨਤੀਜੇ 24 ਅਪ੍ਰੈਲ ਨੂੰ ਐਲਾਨੇ ਜਾਣਗੇ।

48 ਘੰਟਿਆਂ 'ਚ ਘਰ ਖਾਲੀ ਨਾ ਕੀਤਾ ਤਾਂ ਕਬਜ਼ਾ ਕਰ ਲਵਾਂਗੇ-ਤੋਗੜੀਆ ਦੀ ਧਮਕੀ

ਰਾਜਕੋਟ, 21 ਅਪ੍ਰੈਲ (ਏਜੰਸੀ)- ਵਿਸ਼ਵ ਹਿੰਦੂ ਪ੍ਰੀਸ਼ਦ ਦੇ ਨੇਤਾ ਪ੍ਰਵੀਨ ਤੋਗੜੀਆ ਨੇ ਸਨਿਚਰਵਾਰ ਨੂੰ ਭਾਵਨਗਰ ਵਿਚ ਇਕ ਵਿਸ਼ੇਸ਼ ਭਾਈਚਾਰੇ ਵਿਰੁੱਧ ਇਤਰਾਜ਼ਯੋਗ ਬਿਆਨ ਦਿੱਤਾ ਹੈ। ਤੋਗੜੀਆ ਨੇ ਹਿੰਦੂ ਇਲਾਕੇ ਵਿਚ ਮੁਸਲਿਮ ਵਿਅਕਤੀ ਵਲੋਂ ਜਾਇਦਾਦ ਖਰੀਦਣ ਬਾਰੇ ਇਹ ਬਿਆਨ ਦਿੱਤਾ। ਸ਼ਹਿਰ ਦੇ ਮੇਘਾਨੀ ਸਰਕਲ ਦੇ ਨੇੜੇ ਇਕ ਮੁਸਲਮਾਨ ਕਾਰੋਬਾਰੀ ਨੇ ਘਰ ਖਰੀਦਿਆ ਹੈ ਜਿਸ ਦਾ ਇਲਾਕੇ ਦੇ ਹਿੰਦੂ ਵਿਰੋਧ ਕਰ ਰਹੇ ਹਨ। ਸਨਿਚਰਵਾਰ ਰਾਤ ਨੂੰ ਤੋਗੜੀਆ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਦੇ ਕਾਰਕੁਨਾਂ ਨੂੰ ਨਾਲ ਲੈ ਕੇ ਉਕਤ ਮੁਸਲਮਾਨ ਕਾਰੋਬਾਰੀ ਦੇ ਘਰ ਦੇ ਬਾਹਰ ਪ੍ਰਦਰਸ਼ਨ ਕਰਨ ਪੁੱਜੇ। ਹਿੰਦੂ ਦਲਾਂ ਦੇ ਕਾਰਕੁਨ ਲਗਾਤਾਰ ਮੁਸਲਮਾਨ ਕਾਰੋਬਾਰੀ ਦੇ ਘਰ ਦੇ ਬਾਹਰ ਰਾਮ ਧੁਨ ਤੇ ਰਾਮ ਦਰਬਾਰ ਲਗਾ ਰਹੇ ਹਨ। ਤੋਗੜੀਆ ਨੇ ਪ੍ਰਦਰਸ਼ਨਕਾਰੀਆਂ ਨੂੰ ਮੁਸਲਮਾਨ ਕਾਰੋਬਾਰੀ ਦੇ ਘਰ 'ਤੇ ਕਬਜ਼ਾ ਕਰਨ ਤੇ ਉਸ ਉਪਰ ਬਜਰੰਗ ਦਲ ਦਾ ਬੋਰਡ ਲਾਉਣ ਲਈ ਕਿਹਾ। ਤੋਗੜੀਆ ਨੇ ਕਿਹਾ ਕਿ ਘਰ 'ਤੇ ਜ਼ਬਰੀ ਕਬਜ਼ਾ ਕਰ ਲਿਆ ਜਾਵੇ ਤੇ ਕਾਨੂੰਨੀ ਲੜਾਈ ਲੜੀ ਜਾਵੇ ਜੋ ਸਾਲਾਂ ਤੱਕ ਚੱਲੇਗੀ। ਤੋਗੜੀਆ ਨੇ ਮੁਸਲਮਾਨ ਕਾਰੋਬਾਰੀ ਨੂੰ 48 ਘੰਟਿਆਂ ਅੰਦਰ ਘਰ ਖਾਲੀ ਕਰਨ ਦੀ ਧਮਕੀ ਦਿੱਤੀ। ਤੋਗੜੀਆ ਨੇ ਲੋਕਾਂ ਨੂੰ ਕਿਹਾ ਕਿ ਜੇਕਰ ਉਹ ਘਰ ਖਾਲੀ ਨਹੀਂ ਕਰਦਾ ਤਾਂ ਉਸ ਦੇ ਦਫ਼ਤਰ 'ਤੇ ਪੱਥਰ, ਟਾਇਰ ਤੇ ਟਮਾਟਰ ਸੁੱਟੇ ਜਾਣ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਅਜਿਹਾ ਕਰ ਚੁੱਕੇ ਹਨ। ਤੋਗੜੀਆ ਨੇ ਕਿਹਾ ਕਿ ਰਾਜੀਵ ਗਾਂਧੀ ਦੇ ਹੱਤਿਆਰਿਆਂ ਨੂੰ ਹਾਲੇ ਤੱਕ ਸਜ਼ਾ ਨਹੀਂ ਹੋਈ। ਇਸ ਲਈ ਡਰਨ ਦੀ ਕੋਈ ਲੋੜ ਨਹੀਂ ਹੈ। ਪੁਲਿਸ ਨੇ ਘਰ ਦੇ ਬਾਹਰ ਆਪਣੇ ਜਵਾਨਾਂ ਨੂੰ ਤਾਇਨਾਤ ਕਰ ਦਿੱਤਾ ਹੈ।

ਗੋਰਲਾ ਰੋਹਿਨੀ ਬਣੀ ਦਿੱਲੀ ਹਾਈ ਕੋਰਟ ਦੀ ਪਹਿਲੀ ਮਹਿਲਾ ਚੀਫ਼ ਜਸਟਿਸ

ਨਵੀਂ ਦਿੱਲੀ, 21 ਅਪ੍ਰੈਲ (ਪੀ. ਟੀ. ਆਈ.)-ਅੱਜ ਜਸਟਿਸ ਗੋਰਲਾ ਰੋਹਿਨੀ ਨੂੰ ਦਿੱਲੀ ਹਾਈ ਕੋਰਟ ਦੀ ਪਹਿਲੀ ਮਹਿਲਾ ਚੀਫ ਜਸਟਿਸ ਵਜੋਂ ਅਹੁਦੇ ਦੀ ਸਹੁੰ ਚੁਕਾਈ। 58 ਸਾਲਾ ਜਸਟਿਸ ਰੋਹਿਨੀ ਜੋ ਵਿਸ਼ਾਖਾਪਟਨਮ ਨਾਲ ਸਬੰਧਤ ਹੈ ਨੇ ਜਸਟਿਸ ਐਨ. ਵੀ. ਰਮਾਨਾ ਦੀ ਥਾਂ ਲਈ ਹੈ ਜਿਨ੍ਹਾਂ ਨੂੰ ਫਰਵਰੀ 'ਚ ਸੁਪਰੀਮ ਕੋਰਟ ਦਾ ਜੱਜ ਬਣਾ ਦੇਣ ਪਿੱਛੋਂ ਚੀਫ ਜਸਟਿਸ ਦਾ ਅਹੁਦਾ ਖਾਲੀ ਕੀਤਾ ਸੀ। ਆਂਧਰਾ ਪ੍ਰਦੇਸ਼ ਹਾਈ ਕੋਰਟ ਦੀ ਸਾਬਕਾ ਜੱਜ ਨੂੰ ਦਿੱਲੀ ਦੇ ਉਪ ਰਾਜਪਾਲ ਨਜੀਬ ਜੰਗ ਨੇ ਅਹੁਦੇ ਦੀ ਸਹੁੰ ਚੁਕਾਈ। ਜਸਟਿਸ ਰੋਹਿਨੀ ਦਿੱਲੀ ਹਾਈ ਕੋਰਟ ਵਿਚ 40 ਜੱਜਾਂ ਵਿਚ 10ਵੀਂ ਔਰਤ ਜੱਜ ਹੋਵੇਗੀ। 1955 ਵਿਚ ਜਨਮੀ ਜਸਟਿਸ ਰੋਹਿਨੀ ਨੇ ਪਹਿਲਾਂ ਹੈਦਰਾਬਾਦ ਵਿਚ ਓਸਮਾਨੀਆ ਯੂਨੀਵਰਸਿਟੀ 'ਚ ਅਤੇ ਫਿਰ ਵਿਸ਼ਾਖਾਪਟਨਮ ਵਿਚ ਆਂਧਰਾ ਪ੍ਰਦੇਸ਼ ਯੂਨੀਵਰਸਿਟੀ ਦੇ ਲਾਅ ਕਾਲਜ 'ਚ ਪੜ੍ਹਾਈ ਕੀਤੀ। ਉਹ 1980 ਵਿਚ ਵਕੀਲ ਬਣੀ। 1995 ਵਿਚ ਉਨ੍ਹਾਂ ਨੂੰ ਸਰਕਾਰੀ ਵਕੀਲ ਨਿਯੁਕਤ ਕੀਤਾ ਗਿਆ। ਉਨ੍ਹਾਂ ਨੂੰ 2001 ਵਿਚ ਵਧੀਕ ਜੱਜ ਅਤੇ 2002 ਵਿਚ ਸਥਾਈ ਜੱਜ ਨਿਯੁਕਤ ਕੀਤਾ ਗਿਆ ਸੀ।

ਦਿੱਲੀ ਸਿੱਖ ਕਤਲੇਆਮ ਪੀੜਤਾਂ ਨੇ ਕੈਪਟਨ ਦਾ ਪੁਤਲਾ ਸਾੜਿਆ

1984 riots: Akali Dal workers protest against Amarinder Singh’s clean chit to Tytler 
ਅੰਮਿ੍ਤਸਰ, 20 ਅਪ੍ਰੈਲ (ਹਰਪ੍ਰੀਤ ਸਿੰਘ ਗਿੱਲ)-ਇਕ ਟੀ.ਵੀ. ਚੈਨਲ ਵੱਲੋਂ ਅੰਮਿ੍ਤਸਰ ਤੋਂ ਕਾਂਗਰਸੀ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਦੇ 84 ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਜਗਦੀਸ਼ ਟਾਈਟਲਰ ਨੂੰ ਕਲੀਨ ਚਿੱਟ ਦਿੱਤੇ ਜਾਣ ਸਬੰਧੀ ਕੀਤੇ ਖੁਲਾਸੇ ਤੋਂ ਰੋਸਜ਼ਦਾ ਸਿੱਖ ਕਤਲੇਆਮ ਦੇ ਪੀੜ੍ਹਤਾਂ ਵੱਲੋਂ ਮਾਮਲੇ ਦੀ ਮੁੱਖ ਗਵਾਹ ਬੀਬੀ ਜਗਦੀਸ਼ ਕੌਰ ਦੀ ਅਗਵਾਈ 'ਚ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਸਾੜਦਿਆਂ ਉਨ੍ਹਾਂ ਦੇ ਚੋਣ ਦਫ਼ਤਰ ਮੁਹਰੇ ਜਬਰਦਸਤ ਰੋਸ ਪ੍ਰਦਰਸ਼ਨ ਕੀਤਾ | ਪ੍ਰਦਰਸ਼ਨਕਾਰੀਆਂ ਨੇ ਕਾਂਗਰਸ ਵਿਰੁੱਧ ਨਾਅਰੇਬਾਜੀ ਕਰਦਿਆਂ ਕਿਹਾ ਕਿ ਪਿਛਲੇ 30 ਸਾਲ ਤੋਂ ਨਿਆਂ ਦੀ ਆਸ 'ਚ ਭਟਕ ਰਹੇ ਪੀੜਤਾਂ ਦੇ ਜਖਮਾਂ 'ਤੇ ਮਲਮ ਲਾਉਣ ਦੀ ਥਾਂ ਕਾਂਗਰਸੀ ਦੋਸ਼ੀਆਂ ਨੂੰ ਨਿਰਦੋਸ਼ ਕਰਾਰ ਦੇਣ ਦੀਆਂ ਗਲਤ ਚਾਲਾਂ ਅਪਣਾ ਰਹੇ ਹਨ | ਉਨ੍ਹਾਂ ਕਿਹਾ ਕਿ ਆਪਣੇ ਆਪ ਨੂੰ ਸਿੱਖ ਅਖਵਾਉਂਦੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਦੋਸ਼ੀ ਨੂੰ ਕਲੀਨ ਚਿੱਟ ਦੇਣਾ ਸ਼ਰਮਨਾਕ ਹੈ | ਉਨ੍ਹਾਂ ਆਮ ਸਿੱਖਾਂ ਨੂੰ ਅਪੀਲ ਕੀਤੀ ਕਿ ਅਜਿਹੇ ਦੋਗਲੇ ਆਗੂ ਨੂੰ ਨਕਾਰ ਦੇਣਾ ਚਾਹੀਦਾ ਹੈ | ਇਸ ਦੌਰਾਨ ਪ੍ਰਦਰਸ਼ਨਕਾਰੀਆਂ ਵੱਲੋਂ ਕਤਲੇਆਮ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜਾ ਦੇਣ ਅਤੇ ਕਾਂਗਰਸ ਕੈਪਟਨ ਮੁਰਦਾਬਾਦ ਦੇ ਬੈਨਰ ਵੀ ਹੱਥਾਂ 'ਚ ਫੜ੍ਹੇ ਹੋਏ ਸਨ |

ਅਮਰੀਕਾ 'ਚ 2013 ਤੋਂ ਹਿਰਾਸਤ 'ਚ ਲਏ 100 ਪੰਜਾਬੀ ਗੱਭਰੂਆਂ ਵਲੋਂ ਭੁੱਖ ਹੜਤਾਲ

ਹਿਊਸਟਨ, 21 ਅਪ੍ਰੈਲ (ਏਜੰਸੀ) - ਗੈਰਕਾਨੂੰਨੀ ਤੌਰ 'ਤੇ ਅਮਰੀਕਾ 'ਚ ਦਾਖਲ ਹੋਏ 100 ਤੋਂ ਵੀ ਵੱਧ ਭਾਰਤੀਆਂ ਨੇ ਭੁੱਖ ਹੜਤਾਲ ਕੀਤੀ ਹੋਈ ਹੈ। ਇਹ ਸਾਰੇ ਨੌਜਵਾਨ ਰਾਜਸੀ ਸ਼ਰਨ ਲੈਣ ਲਈ ਗੈਰਕਾਨੂੰਨੀ ਤੌਰ 'ਤੇ ਅਮਰੀਕਾ 'ਚ ਦਾਖਲ ਹੋਏ ਸਨ। ਇਨ੍ਹਾਂ ਨੌਜਵਾਨਾਂ ਨੂੰ ਕਾਨੂੰਨੀ ਸਹਾਇਤਾ ਮੁਹੱਈਆ ਕਰ ਰਹੇ ਇਕ ਸਮਾਜ ਸੇਵੀ ਸੰਗਠਨ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਇਹ ਸਾਰੇ ਨੌਜਵਾਨ ਪੰਜਾਬ ਦੇ ਰਹਿਣ ਵਾਲੇ ਹਨ ਤੇ ਪਿਛਲੇ ਸਾਲ ਤੋਂ ਟੈਕਸਾਸ ਦੇ ਐਲ ਪਾਸੋ ਪ੍ਰੋਸੈਸਿੰਗ ਕੇਂਦਰ ਵਿਖੇ ਔਖੀ ਹਾਲਤ 'ਚ ਸੜ ਰਹੇ ਹਨ। ਉੱਤਰੀ ਅਮਰੀਕਾ ਪੰਜਾਬੀ ਐਸੋਸੀਏਸ਼ਨ ਨੇ ਦੱਸਿਆ ਕਿ ਉਸ ਨੇ ਪ੍ਰਵਾਸ ਤੇ ਕਸਟਮ ਇਨਫੋਰਸਮੈਂਟ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਭੁੱਖ ਹੜਤਾਲ 'ਤੇ ਬੈਠੇ ਇਨ੍ਹਾਂ ਨੌਜਵਾਨਾਂ ਨੂੰ ਤੁਰੰਤ ਰਿਹਾਅ ਕਰ ਦੇਣ। ਭੁੱਖ ਹੜਤਾਲ 'ਤੇ ਬੈਠੇ ਦੋ ਨੌਜਵਾਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਤੇ ਕਈ ਹੋਰਨਾਂ ਦੀ ਹਾਲਤ ਖਰਾਬ ਹੈ। ਕੁਝ ਨੌਜਵਾਨਾਂ ਨੂੰ 5 ਗੁਣਾਂ 10 ਫੁੱਟ ਵਾਲੀ ਲੋ-ਆਹਾ ਨਾਂ ਨਾਲ ਪੁਕਾਰੀ ਜਾਂਦੀ ਬੈਰਕ ਵਿਚ ਰੱਖਿਆ ਗਿਆ ਹੈ ਜਿਥੇ ਆਮ ਤੌਰ 'ਤੇ ਅਪਰਾਧੀ ਕਿਸਮ ਦੇ ਕੈਦੀਆਂ ਨੂੰ ਰੱਖਿਆ ਜਾਂਦਾ ਹੈ। ਪੰਜਾਬੀ ਐਸੋਸੀਏਸ਼ਨ ਨੇ ਉਨ੍ਹਾਂ ਟਰੈਵਲ ਤੇ ਇਮੀਗਰੇਸ਼ਨ ਏਜੰਟਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਜਿਹੜੇ ਨੌਜਵਾਨਾਂ ਨੂੰ ਅਮਰੀਕਾ 'ਚ ਸੈੱਟ ਕਰਵਾਉਣ ਦੇ ਸੁਪਨੇ ਦਿਖਾ ਕੇ ਉਨ੍ਹਾਂ ਲੁੱਟਦੇ ਹਨ।

ਪੱਛਮੀ ਬੰਗਾਲ 'ਚ ਧਮਾਕੇ, ਤਿੰਨ ਵਿਅਕਤੀ ਮਰੇ ਗਏ

ਸੂਰੀ, 21 ਅਪ੍ਰੈਲ (ਏਡੰਸੀ) - ਅੱਜ ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਦੇ ਇਕ ਪਿੰਡ 'ਚ ਘਰ 'ਚ ਰੱਖੇ ਬੰਬਾਂ ਦਾ ਸਟਾਕ ਚਲ ਗਿਆ ਜਿਸ ਨਾਲ ਘੱਟੋ ਘੱਟ ਤਿੰਨ ਵਿਅਕਤੀ ਮਾਰੇ ਗਏ। ਸੂਬੇ 'ਚ ਦੂਸਰੇ ਪੜਾਅ ਦੀਆਂ ਚੋਣਾਂ 24 ਅਪ੍ਰੈਲ ਨੂੰ ਹੋ ਰਹੀਆਂ ਹਨ। ਅਪੁਸ਼ਟ ਸੂਤਰਾਂ ਨੇ ਦੱਸਿਆ ਕਿ ਲਾਬਪੁਰ ਬਲਾਕ ਤਹਿਤ ਪੈਂਦੇ ਪਿੰਡ ਕੁਸਮਗੜੀਆ ਵਿਖੇ ਹੋਏ ਲੜੀਵਾਰ ਧਮਾਕਿਆਂ 'ਚ ਪੰਜ ਵਿਅਕਤੀ ਮਾਰੇ ਗਏ ਹਨ। ਪੁਲਿਸ ਕਪਤਾਨ ਰਾਸ਼ਿਦ ਮੁਨੀਰ ਖਾਨ ਨੇ ਦੱਸਿਆ ਕਿ ਸਥਿਤੀ ਦਾ ਜਾਇਜ਼ਾ ਲੈਣ ਤੇ ਮੌਤਾਂ ਦੀ ਗਿਣਤੀ ਦਾ ਪਤਾ ਲਾਉਣ ਲਈ ਅਧਿਕਾਰੀਆਂ ਨੂੰ ਭੇਜਿਆ ਗਿਆ ਹੈ। ਚਸ਼ਮਦੀਦ ਗਵਾਹਾਂ ਨੇ ਦੱਸਿਆ ਕਿ ਤਿੰਨ ਵਿਅਕਤੀ ਮਾਰੇ ਗਏ ਹਨ ਜਿਨ੍ਹਾਂ ਦੀ ਅਜੇ ਪਛਾਣ ਨਹੀਂ ਹੋ ਸਕੀ। ਇਕ ਹੋਰ ਸੂਤਰ ਨੇ ਦੱਸਿਆ ਕਿ ਮ੍ਰਿਤਕਾਂ ਦੀ ਗਿਣਤੀ ਹੁਣ ਤਕ ਪੰਜ ਸੀ। ਬੀਰਭੂਮ ਲੋਕ ਸਭਾ ਸੀਟ 'ਤੇ ਚੋਣ 30 ਅਪ੍ਰੈਲ ਨੂੰ ਤੀਸਰੇ ਪੜਾਅ 'ਚ ਹੋ ਰਹੀ ਹੈ।

ਕੇਜਰੀਵਾਲ ਤੇ ਕੁਮਾਰ ਵਿਸ਼ਵਾਸ ਵਿਰੁੱਧ ਚੋਣ ਜਾਬਤੇ ਦੀ ਉਲੰਘਣਾ ਦਾ ਮਾਮਲਾ ਦਰਜ

ਅਮੇਠੀ, 21 ਅਪ੍ਰੈਲ (ਏਜੰਸੀ) - ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ, ਕੁਮਾਰ ਵਿਸ਼ਵਾਸ ਤੇ 10 ਹੋਰਨਾਂ ਵਿਰੁੱਧ ਚੋਣ ਜਾਬਤੇ ਤੇ ਮਨਾਹੀ ਦੇ ਹੁਕਮਾਂ ਦੀ ਕਥਿੱਤ ਉਲੰਘਣਾ ਕਰਨ ਕਾਰਨ ਐਫ.ਆਈ.ਆਰ ਦਰਜ ਕੀਤੀ ਹੈ। ਸਰਕਲ ਅਧਿਕਾਰੀ ਨਵੀਨ ਕੁਮਾਰ ਸਿੰਘ ਨੇ ਦਸਿਆ ਕਿ ਵਿਸ਼ਵਾਸ ਦੀ ਚੋਣ ਮੁਹਿੰਮ ਦੀ ਵੀਡੀਓ ਦੀ ਛਾਣਬੀਣ ਕਰਨ ਤੋਂ ਬਾਅਦ ਗੌਰੀਗੰਜ ਪੁਲਿਸ ਥਾਣੇ 'ਚ ਐਫ.ਆਈ.ਆਰ ਦਰਜ ਕਰਵਾਈ ਗਈ ਹੈ। ਕੇਜਰੀਵਾਲ ਤੇ ਵਿਸ਼ਵਾਸ ਉਪਰ ਬਿਨਾਂ ਅਗਾਊਂ ਪ੍ਰਵਾਨਗੀ ਲਏ ਰੋਡ ਸ਼ੋਅ ਕਰਨ ਤੇ ਆਵਾਜਾਈ 'ਚ ਵਿਘਨ ਪਾਉਣ ਦੇ ਦੋਸ਼ ਲਾਏ ਗਏ ਹਨ।

Sunday, 20 April 2014

ਬਿਸ਼ਨ ਸਿੰਘ ਬੇਦੀ ਵੱਲੋਂ ਕੈਪਟਨ ਦੀ ਹਮਾਇਤ 'ਤੇ ਨਰਾਜ਼ ਦਿਸੇ ਜੇਤਲੀ

ਅੰਮਿ੍ਤਸਰ, 19 ਅਪ੍ਰੈਲ (ਗਿੱਲ)- ਬੀਤੇ ਕੱਲ੍ਹ ਮਸ਼ਹੂਰ ਸਾਬਕਾ ਕਿ੍ਕਟਰ ਸ: ਬਿਸ਼ਨ ਸਿੰਘ ਬੇਦੀ ਵੱਲੋਂ ਕਾਂਗਰਸੀ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਦੇ ਹੱਕ 'ਚ ਪ੍ਰਚਾਰ ਕਰਨ 'ਤੇ ਮਿੱਠਾ ਰੋਸ ਪ੍ਰਗਟਾਉਂਦਿਆਂ ਭਾਜਪਾ ਉਮੀਦਵਾਰ ਸ੍ਰੀ ਅਰੁਣ ਜੇਤਲੀ ਨੇ ਕਿਹਾ ਕਿ ਮੇਰੇ ਦੋਸਤ ਬਿਸ਼ਨ ਸਿੰਘ ਬੇਦੀ ਜੋ ਕੱਲ੍ਹ ਅੰਮਿ੍ਤਸਰ ਵਿਚ ਸਨ, ਦੀ ਇਹ ਯਾਤਰਾ ਅਲੱਗ ਤਰ੍ਹਾਂ ਦਾ ਅਨੁਭਵ ਦਿੰਦੀ ਹੈ, ਕਿਉਂਕਿ ਉਹ ਕਿਸੇ ਅਜਿਹੀ ਰਾਜਨੀਤਿਕ ਪਾਰਟੀ ਦਾ ਪ੍ਰਚਾਰ ਕਰਨ ਆਏ ਸਨ, ਜਿਸਨੇ ਹਿੰਦੁਸਤਾਨ ਦੇ ਇਤਿਹਾਸ 'ਚ ਸਭ ਤੋਂ ਜ਼ਿਆਦਾ ਬੇਈਮਾਨ ਸਰਕਾਰ ਦਿੱਤੀ ਹੈ | ਉਨ੍ਹਾਂ ਕੈਪਟਨ ਅਮਰਿੰਦਰ ਸਿੰਘ 'ਤੇ ਅਸਿੱਧਾ ਵਾਰ ਕਰਦਿਆਂ ਕਿਹਾ ਕਿ ਸ: ਬੇਦੀ ਇਕ ਅਜਿਹੇ ਉਮੀਦਵਾਰ ਦੇ ਹੱਕ 'ਚ ਵੋਟਾਂ ਮੰਗ ਰਹੇ ਹਨ ਜੋ ਭਿ੍ਸ਼ਟਾਚਾਰ ਦੇ ਦੋਸ਼ਾਂ 'ਚ ਲਿਪਤ ਮਾਮਲਿਆਂ 'ਚ ਅਦਾਲਤੀ ਕਾਰਵਾਈ ਭੁਗਤ ਰਿਹਾ ਹੈ |

ਦੇਸ਼ ਹਿੱਤ 'ਚ ਮੋਦੀ ਤੇ ਰਾਹੁਲ ਦਾ ਹਾਰਨਾ ਜਰੂਰੀ: ਅਰਵਿੰਦ ਕੇਜਰੀਵਾਲ

ਅਮੇਠੀ, 20 ਅਪ੍ਰੈਲ (ਏਜੰਸੀ) - ਆਮ ਆਦਮੀ ਪਾਰਟੀ ਦੇ ਸੰਯੋਜਕ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਰਜੀਵਾਲ ਨੇ ਅੱਜ ਕਿਹਾ ਕਿ ਹੁਣ ਜਰੂਰੀ ਹੋ ਗਿਆ ਹੈ ਕਿ ਵੰਸ਼ਵਾਦ ਦੀ ਪਰੰਪਰਾ ਖ਼ਤਮ ਹੋਵੇ। ਟਿਕਰਮਾਫੀ ਭਾਦੇਰਹ ਤੇ ਪੀਪਲਪੁਰ 'ਚ ਰੋਡ ਸ਼ੋਅ ਤੇ ਨੁੱਕੜ ਸਭਾ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਦੇਸ਼ ਹਿੱਤ 'ਚ ਰਾਹੁਲ ਗਾਂਧੀ ਤੇ ਭਾਜਪਾ ਦੇ ਪ੍ਰਧਾਨ ਮੰਤਰੀ ਉਮੀਦਵਾਰ ਨਰਿੰਦਰ ਮੋਦੀ ਦਾ ਹਾਰਨਾ ਜਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਭਾਵਨਾਤਮਕ ਰਿਸ਼ਤੇ ਦੇ ਨਾਮ 'ਤੇ ਗਾਂਧੀ ਪਰਿਵਾਰ ਨੇ ਅਮੇਠੀ ਦੇ ਲੋਕਾਂ ਤੋਂ ਵੋਟ ਲਏ ਹਨ ਪਰ ਇੱਥੋਂ ਦੇ ਵਿਕਾਸ ਦੇ ਬਾਰੇ 'ਚ ਨਹੀਂ ਸੋਚਿਆ। ਦਸ ਸਾਲ 'ਚ ਮਨਮੋਹਨ ਸਰਕਾਰ ਨੇ 2ਜੀ, 3ਜੀ ਤੇ ਕੋਲਾ ਘੋਟਾਲੇ ਕੀਤੇ ਤੇ ਬਿਹਾਰ 'ਚ ਚਾਰਾ ਖਾਣ ਵਾਲੇ (ਲਾਲੂ ਯਾਦਵ) ਨਾਲ ਹੱਥ ਮਿਲਾਇਆ ਹੈ। ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਲੋਕ ਗੁਜਰਾਤ ਦੇ ਵਿਕਾਸ ਦੇ ਮਾਡਲ ਦੀ ਗੱਲ ਕਰਦੇ ਹਨ ਪਰ ਅਮੇਠੀ ਤੇ ਗੁਜਰਾਤ 'ਚ ਕਿਤੇ ਵਿਕਾਸ ਨਜ਼ਰ ਨਹੀਂ ਆਉਂਦਾ ਹੈ। ਆਪਣੀ ਪਾਰਟੀ ਦੇ ਉਮੀਦਵਾਰ ਕੁਮਾਰ ਵਿਸ਼ਵਾਸ ਦੇ ਸਮਰਥਨ 'ਚ ਆਏ ਕੇਜਰੀਵਾਲ ਨੇ ਕਿਹਾ ਕਿ ਅਮੇਠੀ ਤੋਂ ਰਾਹੁਲ ਤੇ ਕਾਸ਼ੀ ਤੋਂ ਮੋਦੀ ਚੋਣ ਹਾਰ ਰਹੇ ਹਨ। ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਅਮੇਠੀ 'ਚ ਹਰ ਪਾਸੇ ਭ੍ਰਿਸ਼ਟਾਚਾਰ ਹੈ। ਕੇਜਰੀਵਾਲ ਨੇ ਕਿਹਾ ਕਿ ਦਿੱਲੀ 'ਚ ਸਾਡੀ ਸਰਕਾਰ ਠੀਕ ਤਰ੍ਹਾਂ ਨਾਲ ਚੱਲ ਰਹੀ ਸੀ ਪਰ ਭਾਜਪਾ ਤੇ ਕਾਂਗਰਸ ਨੇ ਉਸਨੂੰ ਚੱਲਣ ਨਹੀਂ ਦਿੱਤਾ।

ਹਾਮਿਦ ਮੀਰ ਦੇ ਭਰਾ ਦਾ ਦਾਅਵਾ: ਹਮਲੇ ਦੇ ਪਿੱਛੇ ਆਈਐਸਆਈ ਦਾ ਹੱਥ

ਕਰਾਚੀ, 20 ਅਪ੍ਰੈਲ (ਏਜੰਸੀ) - ਸ਼ਨੀਵਾਰ ਸ਼ਾਮ ਪਾਕਿਸਤਾਨ ਦੇ ਮਸ਼ਹੂਰ ਸੀਨੀਅਰ ਟੀਵੀ ਪੱਤਰਕਾਰ ਹਾਮਿਦ ਮੀਰ 'ਤੇ ਜਾਨਲੇਵਾ ਹਮਲੇ ਤੋਂ ਬਾਅਦ ਹਾਮਿਦ ਦੇ ਭਰਾ ਆਮਿਰ ਮੀਰ ਨੇ ਦਾਅਵਾ ਕੀਤਾ ਹੈ ਕਿ ਹਮਲੇ ਦੇ ਪਿੱਛੇ ਆਈਐਸਆਈ ਦੇ ਅਫਸਰ ਹਨ। ਆਮਿਰ ਨੇ ਕਿਹਾ ਕਿ ਉਨ੍ਹਾਂ ਦੇ ਕੋਲ ਇਸ ਨਾਲ ਜੁੜੇ ਸਬੂਤ ਵੀ ਹਨ। ਪਾਕਿਸਤਾਨ ਦੇ ਖੋਜੀ ਪੱਤਰਕਾਰਾਂ 'ਚ ਸ਼ਾਮਲ ਆਮਿਰ ਮੀਰ ਨੇ ਇਕ ਟੀਵੀ ਚੈਨਲ ਨਾਲ ਗੱਲਬਾਤ 'ਚ ਦੱਸਿਆ ਕਿ ਹਾਮਿਦ ਮੀਰ ਨੇ ਦੋ ਹਫ਼ਤੇ ਪਹਿਲਾਂ ਮੈਨੂੰ ਕਿਹਾ ਸੀ ਕਿ ਮੇਰੇ ਨਾਲ ਕੁੱਝ ਵੀ ਹੋ ਸਕਦਾ ਹੈ। ਆਈਐਸਆਈ ਦੇ ਕੁੱਝ ਸ਼ਰਾਰਤੀ ਤੱਤ ਮੇਰੇ ਪਿੱਛੇ ਪਏ ਹਨ। ਹਾਮਿਦ ਮੀਰ ਦਾ ਫਿਲਹਾਲ ਕਰਾਚੀ ਦੇ ਇੱਕ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ ਤੇ ਉਹ ਖ਼ਤਰੇ ਤੋਂ ਬਾਹਰ ਦੱਸੇ ਜਾ ਰਹੇ ਹਨ। ਸ਼ਨੀਵਾਰ ਸ਼ਾਮ ਤਕਰੀਬਨ 5. 30 ਵਜੇ ਹਾਮਿਦ ਮੀਰ 'ਤੇ ਜਾਨਲੇਵਾ ਹਮਲਾ ਹੋਇਆ ਸੀ। ਕਦੇ ਅਲਕਾਇਦਾ ਦੇ ਮੁਖੀ ਓਸਾਮਾ ਬਿਨ ਲਾਦੇਨ ਦਾ ਤਿੰਨ - ਤਿੰਨ ਵਾਰ ਇੰਟਰਵਿਊ ਲੈਣ ਵਾਲੇ ਹਾਮਿਦ ਮੀਰ ਪਾਕਿਸਤਾਨ ਦੇ ਮਸ਼ਹੂਰ ਪੱਤਰਕਾਰ ਤੇ ਟੀਵੀ ਐਂਕਰ ਹਨ।

ਵੋਟ ਨਹੀਂ ਤਾਂ ਪਾਣੀ ਨਹੀਂ ਦੀ ਧਮਕੀ, ਪਵਾਰ 'ਤੇ ਕੇਸ ਦਰਜ

ਨਵੀਂ ਦਿੱਲੀ, 20 ਅਪ੍ਰੈਲ (ਏਜੰਸੀ) - ਐਨਸੀਪੀ ਨੇਤਾ ਤੇ ਮਹਾਰਾਸ਼ਟਰ ਦੇ ਸਾਬਕਾ ਉਪ ਮੁੱਖ ਮੰਤਰੀ ਅਜੀਤ ਪਵਾਰ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਬਾਰਾਮਤੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਰੇਸ਼ ਕੋਡਪੇ ਨੇ ਅਜਿਤ ਦੀ ਸ਼ਿਕਾਇਤ ਕੀਤੀ ਸੀ। ਅਜੀਤ ਪਵਾਰ  ਖਿਲਾਫ ਧਾਰਾ 171 ਸੀ ਤੇ 171 ਐਫ ਦੇ ਤਹਿਤ ਮਾਮਲਾ ਬਣਿਆ ਹੈ। ਇਨ੍ਹਾਂ ਧਾਰਾਵਾਂ ਦੇ ਤਹਿਤ ਅਜਿਤ ਪਵਾਰ 'ਤੇ ਚੋਣ ਦੇ ਦੌਰਾਨ ਆਪਣੇ ਪ੍ਰਭਾਵ ਦੇ ਗਲਤ ਇਸਤੇਮਾਲ ਦਾ ਇਲਜ਼ਾਮ ਹੈ। ਇਲਜ਼ਾਮ ਦੇ ਮੁਤਾਬਕ ਅਜਿਤ ਪਵਾਰ ਨੇ ਸੁਪ੍ਰਿਆ ਸੁਲੇ ਨੂੰ ਵੋਟ ਨਾ ਦੇਣ ਦੀ ਹਾਲਤ 'ਚ ਪਿੰਡ 'ਚ ਪਾਣੀ ਦੀ ਸਪਲਾਈ ਬੰਦ ਕਰਨ ਦੀ ਧਮਕੀ ਦਿੱਤੀ ਸੀ। ਪੁਲਿਸ ਨੇ ਮਾਮਲੇ ਦੀ ਮੁਢਲੀ ਰਿਪੋਰਟ ਡੀਐਮ ਨੂੰ ਸੌਂਪ ਦਿੱਤੀ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਅਜਿਤ ਪਵਾਰ ਦੇ ਖਿਲਾਫ ਕਿਸੇ ਤਰ੍ਹਾਂ ਦੇ ਸਬੂਤ ਨਹੀਂ ਮਿਲੇ ਹਨ ਪਰ ਮਾਮਲੇ ਦੀ ਜਾਂਚ ਅਜੇ ਵੀ ਜਾਰੀ ਹੈ।

ਬਾਬਾ ਰਾਮਦੇਵ 'ਤੇ ਚੋਣ ਜ਼ਾਬਤੇ ਦੀ ਉਲੰਘਣਾ ਦਾ ਮਾਮਲਾ ਦਰਜ

 
ਫਤਹਿਪੁਰ, 20 ਅਪ੍ਰੈਲ (ਏਜੰਸੀ) - ਯੋਗ ਗੁਰੂ ਬਾਬਾ ਰਾਮਦੇਵ ਦੇ ਖਿਲਾਫ ਉੱਤਰ ਪ੍ਰਦੇਸ਼ ਦੇ ਫਤਹਿਪੁਰ 'ਚ ਪ੍ਰਸ਼ਾਸਨ ਤੋਂ ਆਗਿਆ ਲਏ ਬਿਨਾਂ ਪ੍ਰੈਸ ਕਾਨਫਰੰਸ ਕਰਨ ਦੀ ਮਨ੍ਹਾਹੀ ਤੇ ਚੋਣ ਜਾਬਤੇ ਦੀ ਉਲੰਘਣਾ ਦੇ ਇਲਜ਼ਾਮ 'ਚ ਮੁਕੱਦਮਾ ਦਰਜ ਕੀਤਾ ਗਿਆ ਹੈ। ਉਪ ਜ਼ਿਲ੍ਹਾ ਮੈਜਿਸਟ੍ਰੇਟ ਵਿਵੇਕ ਸ਼੍ਰੀਵਾਸਤਵ ਨੇ ਇੱਥੇ ਦੱਸਿਆ ਕਿ ਕਲ੍ਹ 'ਯੋਗਾ ਦੀਕਸ਼ਾ' ਪ੍ਰੋਗਰਾਮ 'ਚ ਹਿੱਸਾ ਲੈਣ ਤੋਂ ਬਾਅਦ ਸਥਾਨਕ ਸੰਯੋਜਕ ਦੇ ਘਰ ਰਾਮਦੇਵ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕੀਤਾ ਸੀ। ਉਨ੍ਹਾਂ ਨੇ ਦੱਸਿਆ ਕਿ ਉਸ ਪ੍ਰੈਸ ਕਾਨਫਰੰਸ ਲਈ ਜ਼ਿਲ੍ਹਾ ਪ੍ਰਸ਼ਾਸਨ ਤੋਂ ਆਗਿਆ ਨਹੀਂ ਲਈ ਗਈ ਸੀ। ਇਸ ਕਾਰਨ ਰਾਮਦੇਵ ਤੇ ਸੰਯੋਜਕ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਸ਼੍ਰੀਵਾਸਤਵ ਨੇ ਦੱਸਿਆ ਕਿ ਚੋਣ ਕਮਿਸ਼ਨ ਨੂੰ ਇਸਦੀ ਸੂਚਨਾ ਭੇਜ ਦਿੱਤੀ ਗਈ ਹੈ।

Friday, 18 April 2014

ਮਨਮੋਹਨ ਸਿੰਘ ਕਮਜ਼ੋਰ ਨਹੀਂ-10 ਸਾਲਾਂ ਵਿਚ ਹਰ ਤੀਜੇ ਦਿਨ ਦਿੱਤਾ ਭਾਸ਼ਣ

PMO defends Manmohan Singh, says he has spoken more than 1000 times 
ਨਵੀਂ ਦਿੱਲੀ, 18 ਅਪ੍ਰੈਲ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਦੀ ਮਜਬੂਰੀ ਦੇ ਬਿਰਤਾਂਤ ਵਾਲੀਆਂ ਦੋ ਕਿਤਾਬਾਂ ਰਿਲੀਜ਼ ਹੋਣ ਅਤੇ ਵਿਰੋਧੀ ਧਿਰ ਵੱਲੋਂ ਲਗਾਤਾਰ ਉਨ੍ਹਾਂ ਦੀ ਚੁੱਪੀ 'ਤੇ ਟਿੱਪਣੀਆਂ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਦਫਤਰ (ਪੀ. ਐਮ. ਓ.) ਦਾ ਸਪੱਸ਼ਟੀਕਰਨ ਸਾਹਮਣੇ ਆਇਆ ਹੈ। ਪਿਛਲੇ 10 ਸਾਲਾਂ 'ਚ ਪ੍ਰਧਾਨ ਮੰਤਰੀ ਨੇ ਹਰ ਤੀਸਰੇ ਦਿਨ ਇਕ ਭਾਸ਼ਣ ਦਿੱਤਾ ਹੈ। ਇਹ ਸਪੱਸ਼ਟੀਕਰਨ ਪ੍ਰਧਾਨ ਮੰਤਰੀ ਦੇ ਮੌਜੂਦਾ ਮੀਡੀਆ ਸਲਾਹਕਾਰ ਪੰਕਜ ਪਚੌਰੀ ਨੇ ਦਿੱਤਾ ਹੈ। ਸ੍ਰੀ ਪਚੌਰੀ ਨੇ ਕਿਹਾ, 'ਪਿਛਲੇ ਪੰਜ ਸਾਲਾਂ 'ਚ ਸੰਸਦ 'ਚ ਬੋਲਣ ਦੀ ਬਹੁਤ ਜ਼ਿਆਦਾ ਗੁੰਜਾਇਸ਼ ਨਹੀਂ ਸੀ, ਵਰਨਣਯੋਗ ਹੈ ਕਿ ਨਿੱਤ ਨਵੇਂ ਘੁਟਾਲੇ 2 ਜੀ ਸਪੈਕਟ੍ਰਮ, ਕੋਲਾ ਘੁਟਾਲਾ, ਰਾਸ਼ਟਰਮੰਡਲ ਖੇਡਾਂ ਦਾ ਘੁਟਾਲਾ ਵਰਗੇ ਖੁਲਾਸਿਆਂ ਤੋਂ ਬਾਅਦ ਵਿਰੋਧੀ ਧਿਰ ਨੇ ਸੰਸਦ ਦੀ ਕਾਰਵਾਈ 'ਚ ਕਾਫੀ ਵਿਘਨ ਪਾਇਆ। ਸੰਸਦ 'ਚ ਕਾਰਵਾਈ ਲਗਾਤਾਰ ਠੱਪ ਹੋਣ ਕਾਰਨ ਸਰਕਾਰ ਨੂੰ ਕੁਝ ਅਹਿਮ ਬਿੱਲ ਪਾਸ ਕਰਵਾਉਣ ਲਈ ਵੀ ਸੰਸਦ 'ਚ ਵਿਸ਼ੇਸ਼ ਇਜਲਾਸ ਸੱਦਣਾ ਪਿਆ।
ਚੋਣ ਸਰਵੇਖਣਾਂ ਮੁਤਾਬਿਕ 16ਵੀਂ ਲੋਕ ਸਭਾ ਚੋਣ ਦੇ ਨਤੀਜੇ ਕਾਂਗਰਸ ਨੂੰ ਕਾਫੀ ਨੁਕਸਾਨ ਪਹੁੰਚਾ ਸਕਦੇ ਹਨ। ਚੋਣ ਪ੍ਰਚਾਰ ਦੀ ਕਮਾਨ ਪਾਰਟੀ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਦੇ ਹੱਥ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੀ ਕੁਝ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਨਜ਼ਰ ਆਏ ਹਨ। ਪਰ ਕਾਂਗਰਸ ਦੇ ਆਗੂ ਮਨਮੋਹਨ ਸਿੰਘ ਪ੍ਰਚਾਰ 'ਚ ਬਹੁਤ ਹੀ ਘੱਟ ਨਜ਼ਰ ਆਏ। ਪਿਛਲੇ ਦਿਨੀਂ ਉਨ੍ਹਾਂ ਦੀ ਪੀਲੀਭੀਤ 'ਚ ਇਕ ਚੋਣ ਰੈਲੀ 'ਚ ਝਲਕ ਵੇਖਣ ਨੂੰ ਮਿਲੀ ਸੀ। ਭਾਵੇਂ ਡਾ: ਮਨਮੋਹਨ ਸਿੰਘ ਨੇ ਪਹਿਲਾਂ ਹੀ ਇਹ ਸਾਫ ਕਰ ਦਿੱਤਾ ਹੈ ਕਿ ਉਹ ਪ੍ਰਧਾਨ ਮੰਤਰੀ ਦੀ ਦੌੜ 'ਚ ਨਹੀਂ ਹੈ ਪਰ ਕਾਂਗਰਸ ਵੱਲੋਂ ਪ੍ਰਧਾਨ ਮੰਤਰੀ ਦੇ ਉਮੀਦਵਾਰ ਦਾ ਐਲਾਨ ਨਾ ਕਰਨਾ ਅਤੇ ਇਸ ਦੌਰਾਨ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਹੱਥ ਪਾਰਟੀ ਦਾ ਰਿਮੋਟ ਕੰਟਰੋਲ ਹੋਣ ਦੇ ਦਾਅਵੇ ਕਰਦੀਆਂ ਦੋ ਕਿਤਾਬਾਂ ਦੇ ਆਉਣ ਨਾਲ ਕਾਂਗਰਸ ਦੀਆਂ ਮੁਸ਼ਕਿਲਾਂ 'ਚ ਹੋਰ ਵਾਧਾ ਹੋ ਗਿਆ ਹੈ।
ਵਰਨਣਯੋਗ ਹੈ ਕਿ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦੇ ਸਾਬਕਾ ਮੀਡੀਆ ਸਲਾਹਕਾਰ ਸੰਜੈ ਬਾਰੂ ਨੇ ਆਪਣੀ ਕਿਤਾਬ 'ਦ ਮੇਕਿੰਗ ਐਂਡ ਅਨਮੇਕਿੰਗ ਆਫ ਪ੍ਰਾਈਮ ਮਨਿਸਟਰ' 'ਚ ਇਹ ਦਾਅਵਾ ਕੀਤਾ ਹੈ ਕਿ ਡਾ: ਮਨਮੋਹਨ ਸਿੰਘ ਇਕ 'ਕਮਜ਼ੋਰ' ਪ੍ਰਧਾਨ ਮੰਤਰੀ ਰਹੇ ਹਨ ਅਤੇ ਯੂ. ਪੀ. ਏ. ਦੀ ਅਸਲ ਕਮਾਂਡ ਸੋਨੀਆ ਗਾਂਧੀ ਕੋਲ ਹੈ। ਦੂਜੀ ਕਿਤਾਬ ਸਾਬਕਾ ਕੋਲਾ ਸਕੱਤਰ ਪੀ. ਸੀ. ਪਾਰੇਖ ਨੇ ਲਿਖੀ ਹੈ। 'ਜਹਾਦੀ ਜਾਂ ਸਾਜ਼ਿਸ਼ਕਾਰ' ਨਾਂਅ ਦੀ ਇਸ ਕਿਤਾਬ 'ਚ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ 'ਸਖਤ' ਫੈਸਲੇ ਨਾ ਲਏ ਜਾਣ ਕਾਰਨ ਅਤੇ ਕੋਲਾ ਬਲਾਕਾਂ ਦੀ ਵੰਡ 'ਚ ਪਾਰਦਰਸ਼ਤਾ ਨਾ ਹੋਣ ਕਾਰਨ ਕੋਲਾ ਘੁਟਾਲਾ ਹੋਇਆ। ਹਲਕਿਆਂ ਮੁਤਾਬਿਕ ਛੇਤੀ ਹੀ ਪ੍ਰਧਾਨ ਮੰਤਰੀ ਦੇ ਮੀਡੀਆ ਸਲਾਹਕਾਰ ਪੰਕਜ ਪਚੌਰੀ ਵੀ ਇਕ ਕਿਤਾਬ ਜਾਰੀ ਕਰ ਰਹੇ ਹਨ ਜਿਹੜੀ ਇਨ੍ਹਾਂ 2 'ਕਿਤਾਬ ਬੰਬਾਂ' ਤੋਂ ਹੋਏ ਨੁਕਸਾਨ ਤੋਂ ਥੋੜ੍ਹਾ ਉਭਾਰਨ ਦੀ ਕੋਸ਼ਿਸ਼ ਕਰੇਗੀ।